ਮੱਛੀ ਪਾਲਣ ਵਿਭਾਗ ਵੱਲੋਂ ਜਲ-ਜੀਵਾਂ ਦੀ ਸੰਭਾਲ ਬਾਰੇ ਐਡਵਾਈਜ਼ਰੀ ਜਾਰੀ
ਨਿੱਜੀ ਪੱਤਰ ਪ੍ਰੇਰਕਮਾਲੇਰਕੋਟਲਾ, 26 ਦਸੰਬਰ
ਸਰਦੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ ਜਲ-ਜੀਵਾਂ ਦੀ ਸੰਭਾਲ ਬਾਰੇ ਜਾਗਰੂਕ ਕਰਦਿਆਂ ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਅਕਸਰ ਠੰਢ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਲਈ ਮੱਛੀ ਪਾਲਕ ਸਰਦੀਆਂ ਦੇ ਦਿਨਾਂ ਵਿੱਚ ਇਸ ਨੂੰ ਪੂਰਾ ਕਰਨ ਲਈ ਸਵੇਰ ਵੇਲੇ ਤਲਾਬ ਵਿੱਚ ਤਾਜ਼ਾ ਪਾਣੀ ਪਾਉਣ ਜਾਂ ਏਰੀਏਟਰਾਂ ਦੀ ਵਰਤੋਂ ਕਰਨ ਅਤੇ ਤਲਾਬ ਵਿੱਚ ਪਾਣੀ ਦੇ ਪੀ.ਐੱਚ. ਪੱਧਰ ਦੀ ਨਿਯਮਿਤ ਨਿਗਰਾਨੀ ਰੱਖਣ। ਉਨ੍ਹਾਂ ਕਿਹਾ ਕਿ ਉਹ ਤਲਾਅ ਵਿੱਚ ਪਾਣੀ ਦਾ ਪੱਧਰ 6 ਤੋਂ 7 ਫੁੱਟ ਦਰਮਿਆਨ ਰੱਖਣ ਨੂੰ ਤਰਜੀਹ ਦੇਣ ਤਾਂ ਜੋ ਹੇਠਲੇ ਗਰਮ ਜ਼ੋਨ ਵਿੱਚ ਹਾਈਬਰਨੇਸ਼ਨ ਵਾਸਤੇ ਮੱਛੀਆਂ ਨੂੰ ਲੋੜੀਂਦੀ ਜਗ੍ਹਾ ਮੁਹੱਈਆ ਹੋ ਸਕੇ। ਉਨ੍ਹਾਂ ਮੱਛੀ ਪਾਲਕਾਂ ਨੂੰ ਆਪਣੇ ਫਾਰਮਾਂ ਵਿੱਚ ਆਕਸੀਜਨ ਦੀਆਂ ਗੋਲੀਆਂ ਜਾਂ ਪਾਊਡਰ ਰੱਖਣ ਦੀ ਸਲਾਹ ਵੀ ਦਿੱਤੀ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਦੌਰਾਨ ਫਿਨ ਰੌਟ, ਗਿਲ ਰੌਟ, ਈ.ਯੂ.ਐਸ. ਅਤੇ ਆਰਗੂਲੋਸਿਸ ਵਰਗੀਆਂ ਬਿਮਾਰੀਆਂ ਦੇ ਵਧੇਰੇ ਜ਼ੋਖ਼ਮ ਨਾਲ ਪ੍ਰਭਾਵਿਤ ਹੋ ਸਕਣ ਵਾਲੀਆਂ ਮੱਛੀਆਂ ਨੂੰ ਬਚਾਉਣ ਲਈ ਤਲਾਬ ਵਿੱਚ 400 ਮਿਲੀਲਿਟਰ ਪ੍ਰਤੀ ਏਕੜ ਸੀ.ਆਈ.ਐਫ.ਏ.ਐਕਸ. ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਜਾਂ ਕਿਸੇ ਸਲਾਹ ਲਈ ਮੱਛੀ ਪੂੰਗ ਫਾਰਮ ਬੇਨੜਾ ਜਾਂ ਮੱਛੀ ਪਾਲਣ ਅਫ਼ਸਰ ਦੇ ਮੋਬਾਈਲ ਨੰਬਰ 9855614842’ ਤੇ ਸੰਪਰਕ ਕੀਤਾ ਜਾ ਸਕਦਾ ਹੈ।