ਮੱਕੀ ਦਾ ਮੁੱਲ ਘੱਟ ਮਿਲਣ ਕਾਰਨ ਕਿਸਾਨ ਨਿਰਾਸ਼
ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਜੂਨ
ਸਰਕਾਰਾਂ ਵੱਲੋਂ ਅਕਸਰ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਲਈ ਉਤਸ਼ਾਹਿਤ ਕਰਕੇ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਹਕੀਕਤ ਵਿਚ ਫਸਲੀ ਵਿਭਿੰਨਤਾ ਅਪਣਾਉਣ ਵਾਲੇ ਕਿਸਾਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਹਾਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਮੱਕੀ ਦੀ ਫਸਲ ਬੀਜਣ ਵਾਲੇ ਕਿਸਾਨਾਂ ਦਾ ਹੋ ਰਿਹਾ ਹੈ ਜਿਨ੍ਹਾਂ ਨੂੰ ਮੱਕੀ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਉਨ੍ਹਾਂ ਵਿੱਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਮੰਡੀ ਵਿਚ ਮੱਕੀ ਦੀ ਫਸਲ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ 2400 ਰੁਪਏ ਪ੍ਰਤੀ ਕੁਇੰਟਲ ਦੇ ਘੱਟੋਂ ਘੱਟ ਸਮਰਥਨ ਮੁੱਲ ’ਤੇ ਫਸਲ ਨਹੀਂ ਵਿਕ ਰਹੀ। ਮੱਕੀ ਮੁਸ਼ਕਿਲ ਨਾਲ 1400 ਰੁਪਏ ਪ੍ਰਤੀ ਕੁਇੰਟਲ ਤੋਂ 2 ਹਜ਼ਾਰ ਰੁਪਏ ਕੁਇੰਟਲ ਵਿਕ ਰਹੀ ਹੈ। ਇਸ ਤੋਂ ਕਿਸਾਨ ਨਿਰਾਸ਼ ਹਨ ਕਿਉਂਕਿ ਉਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।
ਮੱਕੀ ਲਿਆਉਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ। ਮੇਜਰ ਨੇ ਕਿਹਾ ਕਿ ਵਪਾਰੀ ਪੂਰੀ ਯੋਜਨਾ ਬਣਾਉਣ ਤੋਂ ਬਾਅਦ ਬੋਲੀ ਲਾਉਂਦੇ ਹਨ ਜਿਵੇਂ ਹੀ ਉਹ ਆਉਂਦੇ ਹਨ ਤਾਂ 1400 ਰੁਪਏ ਤੋਂ ਬੋਲੀ ਲਾਉਣਾ ਸ਼ੁਰੂ ਕਰਦੇ ਹਨ। ਗਿੱਲੀ ਮੱਕੀ ਦਾ ਭਾਅ 1400 ਰੁਪਏ ਪ੍ਰਤੀ ਕੁਇੰਟਲ ਹੈ, ਸੁੱਕੀ ਦਾ ਭਾਅ 2 ਹਜ਼ਾਰ ਜਦੋਂ ਕਿ ਖਰਚੇ ਇਸ ਤੋਂ ਕਿਤੇ ਵੱਧ ਹਨ। ਇਸ ਵਾਰ ਖਰਚੇ 30 ਹਜ਼ਾਰ ਰੁਪਏ ਪ੍ਰਤੀ ਏਕੜ ਸਨ ਫ਼ਿਰ ਕਿਸਾਨ ਦੀ ਦਿਨ ਰਾਤ ਦੀ ਮਿਹਨਤ। ਜੇਕਰ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਤਾਂ ਉਸ ਨੂੰ ਘੱਟੋਂ ਘੱਟ ਸਮਰਥਨ ਮੁੱਲ ਅਨੁਸਾਰ ਮੱਕੀ ਦੀ ਖ੍ਰੀਦ ਯਕੀਨੀ ਬਣਾਉਣੀ ਚਾਹੀਦੀ ਹੈ। ਗਲਵੱਡੀ ਦੇ ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ ਕਣਕ ਤੇ ਝੋਨੇ ਦੇ ਫਸਲੀ ਚੱਕਰ ’ਚੋਂ ਬਾਹਰ ਆਉਣ ਵਾਲੇ ਕਿਸਾਨਾਂ ਨੂੰ ਸਬਸਿਡੀ ਮਿਲੇਗੀ। ਇਸ ਉਪਰੰਤ ਉਸ ਨੇ ਪਿਛਲੇ ਸਾਲ 5 ਏਕੜ ਜ਼ਮੀਨ ਵਿਚ ਮੱਕੀ ਦੀ ਕਾਸ਼ਤ ਕੀਤੀ ਪ੍ਰਤੂੰ ਅੱਜ ਤੱਕ ਉਸ ਨੂੰ ਸਬਸਿਡੀ ਦਾ ਇਕ ਪੈਸਾ ਨਹੀਂ ਮਿਲਿਆ। ਉਨ੍ਹਾਂ ਨੂੰ ਕਿਸੇ ਸਰਕਾਰੀ ਯੋਜਨਾ ਤੇ ਭਰੋਸਾ ਨਹੀਂ ਹੈ।
ਨਿੱਜੀ ਖਰੀਦਦਾਰਾਂ ਕਰਕੇ ਐੱਮਐੱਸਪੀ ’ਤੇ ਵਿਕਰੀ ਸੰਭਵ ਨਹੀਂ: ਆੜ੍ਹਤੀ ਐਸੋਸੀਏਸ਼ਨ ਦਾ ਪ੍ਰੇਧਾਨ
ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਰੇਟ 175 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ ਅਤੇ 2400 ਰੁਪਏ ਦੇ ਐੱਮਐੱਸਪੀ ਦਾ ਐਲਾਨ ਕੀਤਾ ਹੈ ਪਰ ਨਿੱਜੀ ਖ੍ਰੀਦਦਾਰੀ ਕਾਰਨ ਇਹ ਸੰਭਵ ਨਹੀਂ ਹੈ। ਕਿਸਾਨਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਲਈ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਫਸਲ ਨੂੰ ਘੱਟੋਂ ਘੱਟ ਸਮਰਥਨ ਮੁੱਲ ਤੋਂ ਘੱਟ ਨਾ ਖਰੀਦਿਆ ਜਾਵੇ। ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਮਾਨ ਨੇ ਕਿਹਾ ਕਿ ਪਿਛਲੇ ਸਾਲ ਖੰਨਾ ਮੰਡੀ ਵਿਚ 6 ਲੱਖ 42 ਹਜ਼ਾਰ 878 ਕੁਇੰਟਲ ਮੱਕੀ ਆਈ ਸੀ। ਪਿਛਲੇ ਸਾਲ ਭਾਅ ਇਕ ਹਜ਼ਾਰ ਤੋਂ 2250 ਰੁਪਏ ਤੱਕ ਸੀ ਇਸ ਵਾਰ 7 ਜੂਨ ਤੱਕ 4 ਹਜ਼ਾਰ ਕੁਇੰਟਲ ਮੱਕੀ ਆਈ ਹੈ ਜਿਸ ਦਾ ਭਾਅ 1400 ਤੋਂ 2300 ਰੁਪਏ ਤੱਕ ਹੈ।