ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 10 ਜਨਵਰੀਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਪ੍ਰਾਚੀਨ ਸ਼ੀਤਲਾ ਮਾਤਾ ਦੇ ਮੰਦਿਰ ’ਚ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ਦੀ ਬੇਅਦਬੀ ਕਰਨ ਤੇ ਮੰਦਿਰ ’ਚੋਂ ਚਾਲੀ ਕਿੱਲੋ ਚਾਂਦੀ ਚੋਰੀ ਕਰਨ ਦੀ ਘਟਨਾ ਨੂੰ ਤਿੰਨ ਦਿਨ ਬੀਤਣ ਦੇ ਬਾਵਜੂਦ ਕੋਈ ਮੁਲਜ਼ਮ ਹੱਥ ਨਾ ਲੱਗਣ ਦੇ ਰੋਸ ਵਜੋਂ ਅੱਜ ਹਿੰਦੂ ਸੰਗਠਨਾਂ ਦੇ ਆਗੂ ਮੰਦਿਰ ਕਮੇਟੀ ਦੇ ਮੈਂਬਰਾਂ ਨਾਲ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਫ਼ਤਰ ਪੁੱਜੇ।ਪੁਲੀਸ ਕਮਿਸ਼ਨਰ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਜੁਆਇੰਟ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਨਾਲ ਮੁਲਾਕਾਤ ਕੀਤੀ। ਹਿੰਦੂ ਸੰਗਠਨਾਂ ਨੇ ਸ਼ੁਭਮ ਅਗਰਵਾਲ ਨੂੰ ਸਾਰੀ ਗੱਲ ਦੱਸੀ ਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਸ਼ੁਭਮ ਅਗਰਵਾਲ ਨੇ ਉਨ੍ਹਾਂ ਨੂੰ ਮਾਮਲੇ ਦੀ ਹੁਣ ਤੱਕ ਹੋਈ ਜਾਂਚ ਬਾਰੇ ਦੱਸਿਆ ਕਿ ਪੁਲੀਸ ਨੇ ਕਈ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਕੀਤੀ ਹੈ ਤੇ ਮੁਲਜ਼ਮਾਂ ਬਾਰੇ ਕੁਝ ਸੁਰਾਗ ਵੀ ਮਿਲੇ ਹਨ ਪਰ ਜਾਂਚ ਪੂਰੀ ਹੋਣ ਤੱਕ ਉਹ ਜ਼ਿਆਦਾ ਕੁਝ ਨਹੀਂ ਦੱਸ ਸਕਦੇ। ਹਿੰਦੂ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਅਤੇ ਲੁਧਿਆਣਾ ਨੂੰ ਬੰਦ ਕਰਵਾਇਆ ਜਾਏਗਾ।