ਮੰਤਰੀਆਂ ਨੇ ਕਿਸਾਨਾਂ ਨੂੰ ਬਾਗ਼ਬਾਨੀ ਕਿੱਤੇ ਨਾਲ ਜੁੜਨ ਲਈ ਪ੍ਰੇਰਿਆ
ਐੱਨਪੀ ਧਵਨ
ਪਠਾਨਕੋਟ, 10 ਅਪਰੈਲ
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਪੈਦਾ ਕੀਤੇ ਜਾ ਰਹੇ ਲੀਚੀ, ਅੰਬਾਂ ਤੇ ਸਬਜ਼ੀਆਂ ਦੀ ਵਿਦੇਸ਼ ’ਚ ਬਰਾਮਦ ਕਰਨ ਲਈ ਲੀਚੀ ਅਸਟੇਟ ਸੁਜਾਨਪੁਰ ਵਿੱਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬਾਗਬਾਨੀ ਵਿਭਾਗ ਦੇ ਮੰਤਰੀ ਮਹਿੰਦਰ ਭਗਤ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਚੇਅਰਮੈਨ ਅਭਿਸ਼ੇਕ ਦੇਵ (ਆਈਏਐਸ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਬਾਗਬਾਨੀ ਡਾਇਰੈਕਟਰ ਸ਼ੈਲਿੰਦਰ ਕੌਰ ਆਈਐੱਫਐੱਸ, ਉਪ ਡਾਇਰੈਕਟਰ ਸ਼ੰਮੀ ਕੁਮਾਰ ਅਤੇ ਬਾਗਬਾਨੀ ਵਿਕਾਸ ਅਫ਼ਸਰ ਜਤਿੰਦਰ ਕੁਮਾਰ ਵੀ ਸ਼ਾਮਲ ਹੋਏ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਨਾਲ ਜੁੜਨ ਲਈ ਜਾਗਰੂਕ ਕੀਤਾ ਗਿਆ।
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਪੰਜਾਬ ਅੰਦਰ ਕਰੀਬ 3900 ਹੈਕਟੇਅਰ ਰਕਬਾ ਲੀਚੀ ਅਧੀਨ ਹੈ। ਜਿਸ ਵਿੱਚੋਂ ਲੱਗਭੱਗ 2200 ਹੈਕਟੇਅਰ ਰਕਬਾ ਪਠਾਨਕੋਟ ਜ਼ਿਲ੍ਹੇ ਵਿੱਚ ਹੈ ਜੋ ਪੰਜਾਬ ਦਾ ਤਕਰੀਬਨ 60 ਪ੍ਰਤੀਸ਼ਤ ਹੈ। ਜ਼ਿਲ੍ਹੇ ਵਿੱਚ ਲੀਚੀ ਦੀ ਕਾਸ਼ਤ ਕਾਫੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਹਰ ਸਾਲ ਵੱਡੇ ਪੱਧਰ ’ਤੇ ਨਵੇਂ ਬਾਗ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਮੀਂਦਾਰਾਂ ਨੂੰ ਵਧੀਆ ਆਮਦਨ ਪ੍ਰਾਪਤ ਕਰਨ ਲਈ ਲੀਚੀ ਦੇ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਅਤੇ ਏਪੀਡਾ ਦੇ ਸਹਿਯੋਗ ਨਾਲ ਸਾਲ 2024-25 ਦੌਰਾਨ ਰਾਕੇਸ਼ ਡਡਵਾਲ ਪਿੰਡ ਮੁਰਾਦਪੁਰ ਦੇ ਬਾਗ ਦੀ ਲੀਚੀ (ਲੰਡਨ) ਵਿਦੇਸ਼ ਭੇਜੀ ਗਈ ਸੀ, ਜਿਸ ਨਾਲ ਉਸ ਨੂੰ ਕਾਫੀ ਮੁਨਾਫ਼ਾ ਹੋਇਆ ਸੀ। ਬਾਗਬਾਨੀ ਡਾਇਰੈਕਟਰ ਸ਼ੈਲਿੰਦਰ ਕੌਰ ਆਈਐਫਐਸ ਨੇ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਬਾਰੇ ਬਾਗਬਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਸਾਲ ਵੀ ਬਾਗਬਾਨੀ ਫਸਲਾਂ ਦਾ ਨਿਰਯਾਤ ਵਿਦੇਸ਼ ਵਿੱਚ ਕੀਤਾ ਜਾਵੇਗਾ। ਇੱਕ ਹੋਰ ਸਰਗਰਮੀ ਤਹਿਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਠਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਜ਼ਿਲ੍ਹਾ ਪਠਾਨਕੋਟ ਵਿੱਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਵਿਦਿਆਰਥਣ ਹਿਮਾਂਸ਼ੀ ਦੇ ਘਰ ਪੁੱਜੇ ਅਤੇ ਉਸ ਨੂੰ ਮੁਬਾਰਕਵਾਦ ਦਿੱਤੀ।