ਮੰਡੀ ਗਰਾਊਂਡ ਦੁਆਲੇ ਕੰਡਿਆਲੀ ਤਾਰ ਦਾ ਕੰਮ ਸ਼ੁਰੂ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 2 ਜਨਵਰੀ
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸੈਕਟਰ 45 ਦੀ ਮੰਡੀ ਗਰਾਊਂਡ ਵਿੱਚ ਕੰਡਿਆਲੀ ਤਾਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਲੰਮੇ ਸਮੇਂ ਤੋਂ ਸੈਕਟਰ ਵਾਸੀਆਂ ਦੀ ਮੰਗ ਸੀ ਕਿ ਇੱਥੇ ਤਾਰਬੰਦੀ ਕੀਤੀ ਜਾਵੇ ਕਿਉਂਕਿ ਇੱਥੇ ਸਮਾਜ ਵਿਰੋਧੀ ਅਨਸਰਾਂ ਨੇ ਆਪਣਾ ਡੇਰਾ ਬਣਾ ਲਿਆ ਹੈ। ਇੱਥੋਂ ਉੱਤਰ ਪ੍ਰਦੇਸ਼, ਬਿਹਾਰ ਅਤੇ ਵੱਖ-ਵੱਖ ਰਾਜਾਂ ਨੂੰ ਚੱਲ ਰਹੀਆਂ ਬੱਸਾਂ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਸੇ ਤਰ੍ਹਾਂ ਦੁਕਾਨਦਾਰਾਂ ਵੱਲੋਂ ਲੱਖਾਂ ਰੁਪਏ ਦਾ ਰੇਤਾ, ਬਜਰੀ ਅਤੇ ਸੀਮਿੰਟ ਦਾ ਨਾਜਾਇਜ਼ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ। ਗਾਬੀ ਨੇ ਕੌਂਸਲਰ ਬਣਦਿਆਂ ਹੀ ਰਾਜਪਾਲ ਤੋਂ ਲੈ ਕੇ ਸਲਾਹਕਾਰ ਅਤੇ ਚੀਫ ਇੰਜਨੀਅਰ ਤੱਕ ਕੰਡਿਆਲੀ ਤਾਰ ਦਾ ਮੁੱਦਾ ਉਠਾਇਆ, ਜਿਸ ਦੇ ਨਤੀਜੇ ਵਜੋਂ ਅੱਜ ਇਹ ਕੰਮ ਸੰਭਵ ਹੋ ਸਕਿਆ ਹੈ। ਗਾਬੀ ਨੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਚੰਡੀਗੜ੍ਹ ਪ੍ਰਸ਼ਾਸਕ ਅਤੇ ਮੁੱਖ ਇੰਜਨੀਅਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਕੰਮ ਨੂੰ ਸੰਭਵ ਬਣਾਇਆ। ਇਸ ਮੌਕੇ ਐੱਸਡੀਓ ਤਿਲਕ ਰਾਜ ਸਮੇਤ ਇਲਾਕਾ ਨਿਵਾਸੀ ਦਿਲਬਾਗ ਰਾਏ, ਰਮਨ ਸ਼ਰਮਾ, ਹਰੀਸ਼ ਮੋਹਨ ਚੁਟਾਨੀ, ਪਵਨ ਕਸ਼ਯਪ, ਤਰੁਣ ਕੁਮਾਰ ਸੁਨੇਜਾ, ਮਨਮੋਹਨ, ਭੁੱਲਰ ਸਾਹਿਬ ਅਤੇ ਹੋਰ ਪਤਵੰਤੇ ਹਾਜ਼ਰ ਸਨ।