For the best experience, open
https://m.punjabitribuneonline.com
on your mobile browser.
Advertisement

ਮੰਡੀ ਅਹਿਮਦਗੜ੍ਹ ਦੀ ਕੌਂਸਲ ਨੂੰ 18 ਮਹੀਨਿਆਂ ਮਗਰੋਂ ਮਿਲਿਆ ‘ਮੁਖੀ’

08:39 AM Sep 13, 2024 IST
ਮੰਡੀ ਅਹਿਮਦਗੜ੍ਹ ਦੀ ਕੌਂਸਲ ਨੂੰ 18 ਮਹੀਨਿਆਂ ਮਗਰੋਂ ਮਿਲਿਆ ‘ਮੁਖੀ’
ਕੌਂਸਲਰਾਂ ਤੇ ਸਮਰਥਕਾਂ ਨਾਲ ਨਵੇਂ ਚੁਣੇ ਗਏ ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਸਤੰਬਰ
ਇੱਥੋਂ ਦੀ ਨਗਰ ਕੌਂਸਲ ਵਿੱਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ ਪ੍ਰਧਾਨਗੀ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਵਿਕਾਸ ਕ੍ਰਿਸ਼ਨ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਇਹ ਅਹੁਦਾ 18 ਮਹੀਨਿਆਂ ਤੋਂ ਖਾਲੀ ਚੱਲਿਆ ਆ ਰਿਹਾ ਸੀ। ਹਾਲਾਂਕਿ, ਪ੍ਰਸ਼ਾਸਨ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦੇ ਕੇ ਮੀਤ ਪ੍ਰਧਾਨ ਦੀ ਚੋਣ ਰੱਦ ਕਰ ਦਿੱਤੀ। ਅਹਿਮਦਗੜ੍ਹ ਦੇ ਐੱਸਡੀਐੱਮ ਗੁਰਮੀਤ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਵਾਉਣ ਲਈ ਮੀਟਿੰਗ ਬੁਲਾਈ ਗਈ ਸੀ। ਇਸ ਦੌਰਾਨ ਅੱਜ ਸਿਰਫ਼ ਪ੍ਰਧਾਨਗੀ ਦੀ ਚੋਣ ਕਰਵਾਈ ਜਾ ਸਕੀ। ਬਾਂਸਲ ਨੇ ਦੱਸਿਆ ਕਿ ਪ੍ਰਧਾਨਗੀ ਦੇ ਅਹੁਦੇ ਲਈ ਸਿਰਫ਼ ਇੱਕ ਨਾਂ ਪੇਸ਼ ਕੀਤਾ ਗਿਆ ਸੀ। ਇਸ ਲਈ ਵਿਕਾਸ ਸ਼ਰਮਾ ਨੂੰ ਕੌਂਸਲ ਦੇ ਸਾਰੇ 17 ਕੌਂਸਲਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ ਮੀਤ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਜੋ ਤਕਨੀਕੀ ਕਾਰਨਾਂ ਕਰਕੇ ਰੱਦ ਕਰਨੀ ਪਈ। ਼ਿਜ਼ਕਰਯੋਗ ਹੈ ਕਿ ਸਾਬਕਾ ਪ੍ਰਧਾਨ ਵਿਕਾਸ ਟੰਡਨ ਨੂੰ ਕਾਂਗਰਸ ਸਰਕਾਰ ਵੇਲੇ ਤਤਕਾਲੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਸਮਰਥਨ ਨਾਲ ਸਰਬਸੰਮਤੀ ਨਾਲ ਕੌਂਸਲ ਦਾ ਮੁਖੀ ਚੁਣਿਆ ਗਿਆ ਸੀ। ਆਪਸੀ ਧੜੇਬੰਦੀ ਕਾਰਨ 16 ਫਰਵਰੀ 2023 ਨੂੰ ਵਿਕਾਸ ਟੰਡਨ ਵਿਰੁੱਧ ਬੇਭਰੋਸਗੀ ਮਤਾ ਪਾਸ ਹੋਣ ਮਗਰੋਂ ਪ੍ਰਧਾਨ ਦੀ ਕੁਰਸੀ ਖਾਲੀ ਚੱਲੀ ਆ ਰਹੀ ਸੀ।
ਲੋਕਾਂ ਨੂੰ ‘ਆਪ’ ਦੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਲਗਪਗ ਤੀਹ ਮਹੀਨਿਆਂ ਮਗਰੋਂ ਹੁਣ ਸ਼ਹਿਰ ਵਿੱਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਹੋਣ ਦੀ ਉਮੀਦ ਬੱਝੀ ਹੈ। ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਨਗਰ ਕੌਂਸਲ ਦੇ ਐਸੋਸੀਏਟ ਮੈਂਬਰ ਹਨ। ਸੱਤਾਧਾਰੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਕੌਂਸਲਰਾਂ ਦੀ ਆਪਸੀ ਧੜੇਬੰਦੀ ਕਾਰਨ ਕੌਂਸਲ ਨੂੰ 18 ਮਹੀਨਿਆਂ ਤੋਂ ਪੱਕੇ ਪ੍ਰਧਾਨ ਦੀ ਉਡੀਕ ਸੀ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕਰੀਬ ਦਸ ਮਹੀਨੇ ਪਹਿਲਾਂ ਕੀਤੀ ਗਈ ਗ੍ਰਿਫ਼ਤਾਰੀ ਨਾਲ ਵੀ ਕਸਬੇ ਦੇ ਵਿਕਾਸ ਕਾਰਜਾਂ ਵਿੱਚ ਖੜੋਤ ਆ ਗਈ ਸੀ। ਵਿਧਾਇਕ ਗੱਜਣਮਾਜਰਾ ਦੀ ਪਤਨੀ ਡਾ. ਪਰਮਿੰਦਰ ਕੌਰ ਅਤੇ ਪੁੱਤਰ ਰੂਬਲ ਗੱਜਣਮਾਜਰਾ ਵੱਲੋਂ ਕੌਂਸਲਰਾਂ ਦੇ ਵੱਖ-ਵੱਖ ਧੜਿਆਂ ਨਾਲ ਕੀਤੀਆਂ ਗਈਆਂ ਲੜੀਵਾਰ ਮੀਟਿੰਗਾਂ ਤੋਂ ਬਾਅਦ ਅੱਜ ਸਵੇਰੇ ਵਿਕਾਸ ਕ੍ਰਿਸ਼ਨ ਸ਼ਰਮਾ ਦੀ ਉਮੀਦਵਾਰੀ ’ਤੇ ਸਹਿਮਤੀ ਬਣ ਗਈ। ਹਾਲਾਂਕਿ ਮੀਤ ਪ੍ਰਧਾਨ ਦੀ ਚੋਣ ਲਈ ਸਹਿਮਤੀ ਨਹੀਂ ਬਣ ਸਕੀ।

Advertisement

Advertisement
Advertisement
Author Image

sukhwinder singh

View all posts

Advertisement