ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਸਮ ਦਾ ਮਿਜ਼ਾਜ: ਮੀਂਹ ਕਾਰਨ ਅਨਾਜ ਮੰਡੀਆਂ ’ਚ ਚੁਕਾਈ ਲਈ ਪਈ ਕਣਕ ਭਿੱਜੀ

06:01 AM May 09, 2025 IST
featuredImage featuredImage
ਪਿੰਡ ਚੁਕੇਰੀਆਂ ਦੇ ਖਰੀਦ ਕੇਂਦਰ ’ਚ ਮੀਂਹ ਕਾਰਨ ਭਿੱਜੀਆਂ ਕਣਕ ਦੀਆਂ ਬੋਰੀਆਂ। -ਫੋਟੋ: ਪੰਜਾਬੀ ਟ੍ਰਿਬਿਊਨ

ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਸੁਚੱਜੇ ਪ੍ਰਬੰਧ ਕਰਨ ਦਾ ਅੱਜ ਉਸ ਵੇਲੇ ਮੁੜ ਪੋਲ ਖੁੱਲ੍ਹੀ ਗਈ ਜਦੋਂ ਮੀਂਹ ਕਾਰਨ ਮੰਡੀਆਂ ਵਿਚ ਹਜ਼ਾਰਾਂ ਟਨ ਖਰੀਦ ਕੇ ਰੱਖੀ ਕਣਕ ਅਤੇ ਵਿਕਣ ਲਈ ਆਈਆਂ ਕਣਕ ਦੀਆਂ ਢੇਰੀਆਂ ਭਿੱਜ ਗਈਆਂ। ਮੰਡੀ ਵਿੱਚ ਕਣਕ ਵੇਚਣ ਆਇਆ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਕੋਈ ਜੁਗਾੜ ਨਾ ਲੱਭ ਸਕਿਆ। ਪੰਜਾਬ ਰਾਜ ਮੰਡੀ ਬੋਰਡ ਦੇ ਰੂਲਾਂ ਅਨੁਸਾਰ ਮੰਡੀਆਂ ਵਿੱਚ ਵਿਕਣ ਲਈ ਪੁੱਜੀ ਜਿਣਸ ਸਬੰਧੀ ਹਰ ਤਰ੍ਹਾਂ ਦੇ ਬੰਦੋਬਸਤ ਆੜ੍ਹਤੀਆਂ ਦੁਆਰਾ ਕੀਤੇ ਜਾਣੇ ਹੁੰਦੇ ਹਨ ਪਰ ਕਿਸੇ ਵੀ ਆੜ੍ਹਤੀ ਦੇ ਪ੍ਰਬੰਧ ਨਾ ਹੋਣ ਕਾਰਨ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸ਼ਰੇਆਮ ਮੰਡੀਆਂ ਵਿੱਚ ਦੁਰਗਤੀ ਹੁੰਦੀ ਰਹੀ। ਇਥੇ ਦਿਲਚਸਪ ਗੱਲ ਇਹ ਹੈ ਕਿ ਮਾਲਵਾ ਪੱਟੀ ਵਿੱਚ ਵਿਗੜੇ ਹੋਏ ਮੌਸਮ ਬਾਰੇ ਕਈ ਦਿਨਾਂ ਤੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਅਤੇ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਅਨੇਕਾਂ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਹੋਣ ਵੰਨੀਓ ਪਈ ਕਣਕ ਦੋ-ਦੋ, ਤਿੰਨ-ਤਿੰਨ ਵਾਰ ਭਿੱਜ ਗਈ ਹੈ। ਅੱਜ ਅਚਾਨਕ ਹੀ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਇਥੇ ਸਵੇਰੇ ਧੁੱਪ ਨਿਕਲੀ ਅਤੇ ਬਾਅਦ ਦੁਪਹਿਰ ਵੇਲੇ ਮੀਂਹ ਪਿਆ ਤੇ ਹਨੇਰੀ ਚੱਲੀ।
ਮਾਨਸਾ ਜ਼ਿਲ੍ਹੇ ਵਿਚ ਸਰਕਾਰੀ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈੱਡ, ਵੇਅਰ ਹਾਊਸ, ਪੰਜਾਬ ਐਗਰੋ, ਪਨਸਪ ਵਲੋਂ ਖਰੀਦਕੇ ਰੱਖੀ ਕਣਕ ਵੀ ਭਿੱਜ ਗਈ ਹੈ ਜਦੋਂ ਕਿ ਸਰਕਾਰੀ ਏਜੰਸੀਆਂ ਵਲੋਂ ਜਿਹੜੀ ਕਣਕ ਮੰਡੀਆਂ ’ਚੋਂ ਲੋਡ ਕਰਵਾ ਕੇ ਆਪਣੇ ਪਲੰਥਾਂ ਵਿੱਚ ਭੇਜੀ ਜਾ ਚੁੱਕੀ ਹੈ, ਉਹ ਵੀ ਅੰਬਰੀ ਪਾਣੀ ਨਾਲ ਬੁਰੀ ਤਰ੍ਹਾਂ ਭਿੱਜ ਚੁੱਕੀ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ 5 ਲੱਖ 34 ਹਜ਼ਾਰ 361 ਮੀਟਰਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ 6 ਲੱਖ 40 ਹਜ਼ਾਰ 311 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 6 ਲੱਖ 33 ਹਜ਼ਾਰ 248 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ 1 ਲੱਖ 99 ਹਜ਼ਾਰ 199 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 1 ਲੱਖ 70 ਹਜ਼ਾਰ 711 ਮੀਟ੍ਰਿਕ ਟਨ, ਪਨਸਪ ਵੱਲੋਂ 1 ਲੱਖ 54 ਹਜ਼ਾਰ 383 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਵੱਲੋਂ 86 ਹਜ਼ਾਰ 923 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 22 ਹਜ਼ਾਰ 31 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।

Advertisement

ਮਹਿਲ ਕਲਾਂ ’ਚ ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਅੱਜ ਦੁਪਹਿਰ ਸਮੇਂ ਪਏ ਜ਼ੋਰਦਾਰ ਮੀਂਹ ਕਾਰਨ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹੀ ਹੈ। ਮਹਿਲ ਕਲਾਂ ਅਨਾਜ ਮੰਡੀ ਵਿੱਚ ਖ਼ਰੀਦੀ ਜਾ ਚੁੱਕੀ ਫ਼ਸਲ ਦੇ ਗੱਟੇ ਮੀਂਹ ਵਿੱਚ ਭਿੱਜਦੇ ਰਹੇ, ਪਰ ਪਨਸਪ ਖ਼ਰੀਦ ਏਜੰਸੀ ਅਤੇ ਮਾਰਕੀਟ ਕਮੇਟੀ ਉਨ੍ਹਾਂ ਨੂੰ ਬਚਾਉਣ ਲਈ ਕੋਈ ਪ੍ਰਬੰਧ ਨਾ ਕਰ ਸਕੀ। ਮਹਿਲ ਕਲਾਂ ਦੀ ਮੰਡੀ ਵਿੱਚ ਭਾਵੇਂ ਲਿਫ਼ਟਿੰਗ ਵਾਲੀ ਫ਼ਸਲ ਬਹੁਤ ਘੱਟ ਰਹਿ ਗਈ ਹੈ, ਪਰ ਫਿਰ ਵੀ ਮੰਡੀ ਵਿੱਚ ਪਈ ਕਣਕ ਦੀ ਕਾਫ਼ੀ ਫ਼ਸਲ ਇਸ ਮੀਂਹ ਦੀ ਭੇਂਟ ਚੜ੍ਹੀ ਹੈ। ਬਰਨਾਲਾ-ਲੁਧਿਆਣਾ ਰਾਜ ਮਾਰਗ ਦੇ ਨਾਲ ਮੰਡੀ ਦਾ ਫ਼ੜ ਕਾਫ਼ੀ ਨੀਵਾਂ ਹੋਣ ਕਾਰਨ ਮੀਂਹ ਦਾ ਪਾਣੀ ਕਣਕ ਦੇ ਗੱਟਿਆਂ ਦੇ ਥੱਲੇ ਵੜ੍ਹ ਗਿਆ, ਜਿਸ ਕਰਕੇ ਫ਼ਸਲ ਦੇ ਖ਼ਰਾਬੇ ਦੇ ਆਸਾਰ ਬਣੇ ਹੋਏ ਹਨ। ਇਸ ਸਬੰਧੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਡੀਨਪਾਲ ਸਿੰਘ ਨੇ ਕਿਹਾ ਕਿ ਮੰਡੀ ਵਿੱਚ 4-5 ਹਜ਼ਾਰ ਗੱਟੇ ਦੀ ਲਿਫ਼ਟਿੰਗ ਹੀ ਬਾਕੀ ਹੈ। ਅੱਜ ਦੇ ਮੀਂਹ ਕਾਰਨ ਥੋੜੇ ਬਹੁਤ ਗੱਟੇ ਮੀਂਹ ਦੇ ਪਾਣੀ ਦੀ ਲਪੇਟ ਵਿੱਚ ਆਏ ਹਨ, ਜੋ ਇੱਕ ਦੋ ਧੁੱਪਾਂ ਨਾਲ ਹੀ ਸੁੱਕ ਜਾਣਗੇ।

Advertisement
Advertisement