ਮੌਸਮ ਦਾ ਮਿਜ਼ਾਜ: ਕਿਤੇ ਅਤਿ ਗਰਮੀ, ਕਿਤੇ ਝੱਖੜ ਤੇ ਮੀਂਹ
ਆਤਿਸ਼ ਗੁਪਤਾ
ਚੰਡੀਗੜ੍ਹ, 21 ਮਈ
ਪੰਜਾਬ ਤੇ ਹਰਿਆਣਾ ’ਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਮਗਰੋਂ ਅੱਜ ਪੰਜਾਬ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਕੁਝ ਸ਼ਹਿਰਾਂ ’ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਮੀਂਹ ਤੇ ਗੜੇਮਾਰੀ ਨੇ ਕੁਝ ਸ਼ਹਿਰਾਂ ਵਿੱਚ ਤਾਂ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਪਰ ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ’ਚ ਝੱਖੜ ਕਾਰਨ ਲੋਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ 22 ਮਈ ਨੂੰ ਅਤਿ ਦੀ ਗਰਮੀ ਪੈਣ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਤੇ 23 ਤੋਂ 27 ਮਈ ਤੱਕ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਨੰਗਲ ਇਲਾਕੇ ’ਚ ਗੜੇਮਾਰੀ ਹੋਈ ਹੈ ਜਦੋਂ ਕਿ ਚੰਡੀਗੜ੍ਹ, ਮੁਹਾਲੀ, ਰੋਪੜ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ’ਚ ਤੇਜ਼ ਹਨੇਰੀ ਤੋਂ ਬਾਅਦ ਮੀਂਹ ਪਿਆ ਹੈ। ਮੀਂਹ ਪੈਣ ਕਰਕੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਚੰਡੀਗੜ੍ਹ ਦਾ ਤਾਪਮਾਨ 39.2 ਡਿਗਰੀ ਸੈਲਸੀਅਸ ਦਰਜ ਹੋਇਆ। ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਗਰਮੀ ਦੀ ਕਹਿਰ ਜਾਰੀ ਸੀ, ਜਿਸ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਪਰ ਬਾਅਦ ਦੁਪਹਿਰ ਸੂਬੇ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸ਼ਹਿਰਾਂ ’ਚ ਅਚਾਨਕ ਮੌਸਮ ਤਬਦੀਲ ਹੋ ਗਿਆ, ਜਿੱਥੇ ਅਚਾਨਕ ਹਨੇਰੀ ਚੱਲ ਪਈ। ਇਸ ਦੌਰਾਨ ਚੰਡੀਗੜ੍ਹ, ਮੁਹਾਲੀ ਤੇ ਰੋਪੜ ਵਿੱਚ ਸ਼ਾਮ ਨੂੰ 5 ਵਜੇ ਹੀ ਹਨੇਰਾ ਛਾ ਗਿਆ। ਹਨੇਰੀ ਤੇ ਝੱਖੜ ਕਾਰਨ ਕਈ ਥਾਵਾਂ ’ਤੇ ਸੜਕਾਂ ਕੰਢੇ ਦਰੱਖਤ ਟੁੱਟ ਗਏ, ਜਿਸ ਕਰਕੇ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਦੌਰਾਨ ਨੰਗਲ ਤੇ ਚੰਡੀਗੜ੍ਹ ’ਚ ਗੜੇਮਾਰੀ ਹੋਈ ਹੈ। ਨੰਗਲ ’ਚ ਹੋਈ ਗੜੇਮਾਰੀ ਨੇ ਕਈ ਥਾਵਾਂ ’ਤੇ ਗੱਡੀਆਂ ਦੇ ਸ਼ੀਸ਼ੇ ਤੱਕ ਭੰਨ ਦਿੱਤੇ। ਇਸ ਤੋਂ ਬਾਅਦ ਚੰਡੀਗੜ੍ਹ, ਮੁਹਾਲੀ, ਰੋਪੜ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ਵਿੱਚ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ 19 ਐੱਮਐੱਮ ਤੇ ਰੋਪੜ ਵਿੱਚ 12 ਐੱਮਐੱਮ ਮੀਂਹ ਪਿਆ ਹੈ।
ਬਠਿੰਡਾ ਏਅਰਪੋਰਟ ਇਲਾਕੇ ਦਾ ਤਾਪਮਾਨ 47.5 ਡਿਗਰੀ ਦਰਜ
ਪੰਜਾਬ ਵਿੱਚ ਅੱਜ ਦਿਨ ਸਮੇਂ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਅੱਜ ਪੰਜਾਬ ਦਾ ਬਠਿੰਡਾ ਏਅਰਪੋਰਟ ਇਲਾਕਾ ਸੀਜ਼ਨ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ ਸ਼ਹਿਰ ਦਾ ਤਾਪਮਾਨ 45 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 43.5 ਡਿਗਰੀ, ਲੁਧਿਆਣਾ ਦਾ 43 ਡਿਗਰੀ, ਪਟਿਆਲਾ ਦਾ 40.4 ਡਿਗਰੀ, ਪਠਾਨਕੋਟ ਵਿੱਚ 41 ਡਿਗਰੀ, ਫਰੀਦਕੋਟ ਵਿੱਚ 45, ਗੁਰਦਾਸਪੁਰ ਵਿੱਚ 41 ਡਿਗਰੀ, ਫਤਹਿਗੜ੍ਹ ਸਾਹਿਬ ਵਿੱਚ 40.4 ਡਿਗਰੀ, ਫਾਜ਼ਿਲਕਾ ਵਿੱਚ 45.2 ਡਿਗਰੀ, ਫਿਰੋਜ਼ਪੁਰ ਵਿੱਚ 43 ਡਿਗਰੀ, ਹੁਸ਼ਿਆਰਪੁਰ ਵਿੱਚ 40.3 ਡਿਗਰੀ, ਜਲੰਧਰ ਵਿੱਚ 41.7, ਮੋਗਾ ਵਿੱਚ 42.5 , ਮੁਹਾਲੀ ਵਿੱਚ 38.9 ਤੇ ਰੋਪੜ ਵਿੱਚ 38.4 ਡਿਗਰੀ ਦਰਜ ਕੀਤਾ ਗਿਆ।
ਗਰਮੀ ਕਾਰਨ ਬਜ਼ੁਰਗ ਦੀ ਮੌਤ
ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ’ਚ ਗਰਮੀ ਕਾਰਨ ਬਜ਼ੁਰਗ ਦੀ ਮੌਤ ਹੋ ਗਈ। ਇਥੇ ਰੇਲਵੇ ਗਰਾਊਂਡ ’ਚ 60 ਸਾਲਾਂ ਦਾ ਬਜ਼ੁਰਗ ਗਰਮੀ ਕਾਰਨ ਬੇਹੋਸ਼ ਮਿਲਿਆ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਸਿੰਘ ਗਿੱਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਗੰਭੀਰ ਹਾਲਤ ’ਚ ਬਜ਼ੁਰਗ ਨੂੰ ਸਥਾਨਕ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਹਾਰਾ ਟੀਮ ਨੇ ਇਸ ਦੀ ਜਾਣਕਾਰੀ ਥਾਣਾ ਕੈਨਾਲ ਪੁਲੀਸ ਨੂੰ ਦਿੱਤੀ ਹੈ। ਕੋਈ ਵੀ ਸ਼ਨਾਖ਼ਤੀ ਦਸਤਾਵੇਜ਼ ਨਾ ਮਿਲਣ ਕਾਰਨ ਹਾਲੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।