ਮੌਨਸੂਨ ਦੱਖਣੀ ਬੰਗਾਲ ਦੀ ਖਾੜੀ ਤੇ ਨਿਕੋਬਾਰ ਟਾਪੂ ਤੱਕ ਪੁੱਜਾ
ਨਵੀਂ ਦਿੱਲੀ, 13 ਮਈ
ਦੱਖਣ-ਪੱਛਮੀ ਮੌਨਸੂਨ ਅੱਜ ਦੱਖਣੀ ਬੰਗਾਲ ਦੀ ਖਾੜੀ, ਦੱਖਣੀ ਅੰਡੇਮਾਨ ਸਾਗਰ, ਨਿਕੋਬਾਰ ਟਾਪੂ ਅਤੇ ਉੱਤਰੀ ਅੰਡੇਮਾਨ ਸਾਗਰ ਦੇ ਕੁਝ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ। ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਨਿਕੋਬਾਰ ਟਾਪੂ ਵਿੱਚ ਪਿਛਲੇ ਦੋ ਦਿਨਾਂ ਤੋਂ ਦਰਮਿਆਨੇ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਸਮੇਂ ਦੌਰਾਨ ਦੱਖਣੀ ਬੰਗਾਲ ਦੀ ਖਾੜੀ, ਨਿਕੋਬਾਰ ਟਾਪੂ ਅਤੇ ਅੰਡੇਮਾਨ ਸਾਗਰ ’ਤੇ ਪੱਛਮੀ ਹਵਾਵਾਂ ਦਾ ਪ੍ਰਭਾਵ ਵਧਿਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਖੇਤਰ ਵਿੱਚ ‘ਆਊਟਗੋਇੰਗ ਲੌਂਗਵੇਵ ਰੇਡੀਏਸ਼ਨ’ (ਓਐਲਆਰ) ਵੀ ਘਟੀ ਹੈ, ਜੋ ਬੱਦਲਵਾਈ ਦਾ ਸੂਚਕ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਹ ਹਾਲਾਤ ਖੇਤਰ ਵਿੱਚ ਮੌਨਸੂਨ ਦੇ ਆਉਣ ਲਈ ਅਨੁਕੂਲ ਮਾਪਦੰਡ ਪੂਰਾ ਕਰਦੇ ਹਨ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਦੱਖਣੀ ਅਰਬ ਸਾਗਰ, ਮਾਲਦੀਵ ਅਤੇ ਕੋਮੋਰਿਨ ਖੇਤਰ ਜ਼ਿਆਦਾਤਰ ਹਿੱਸਿਆਂ, ਦੱਖਣੀ ਬੰਗਾਲ ਦੀ ਖਾੜੀ ਦੇ ਜ਼ਿਆਦਾਤਰ ਖੇਤਰਾਂ, ਪੂਰੇ ਅੰਡੇਮਾਨ ਅਤੇ ਨਿਕੋਬਾਰ ਟਾਪੂ, ਅੰਡੇਮਾਨ ਸਾਗਰ ਦੇ ਬਾਕੀ ਹਿੱਸਿਆਂ ਅਤੇ ਮੱਧ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ।
ਐਤਕੀਂ ਮੌਨਸੂਨ 27 ਮਈ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਆਮ ਤੌਰ ’ਤੇ ਇਹ ਪਹਿਲੀ ਜੂਨ ਨੂੰ ਪਹੁੰਚਦਾ ਹੈ। ਆਈਐੱਮਡੀ ਦੇ ਅੰਕੜਿਆਂ ਅਨੁਸਾਰ ਜੇ ਮੌਨਸੂਨ ਉਮੀਦ ਅਨੁਸਾਰ ਕੇਰਲਾ ਪਹੁੰਚਦਾ ਹੈ ਤਾਂ ਇਹ 2009 ਤੋਂ ਬਾਅਦ ਪਹਿਲੀ ਵਾਰ ਸਮੇਂ ਤੋਂ ਪਹਿਲਾਂ ਭਾਰਤ ਪਹੁੰਚੇਗਾ। 2009 ਵਿੱਚ ਮੌਨਸੂਨ 23 ਮਈ ਨੂੰ ਆਇਆ ਸੀ। -ਪੀਟੀਆਈ