ਮੌਜਗੜ੍ਹ ਹੱਤਿਆ ਕਾਂਡ ਦਾ ਮੁੱਖ ਸਾਜਿਸ਼ਘਾੜਾ ਗ੍ਰਿਫ਼ਤਾਰ
05:29 AM May 25, 2025 IST
ਪੱਤਰ ਪ੍ਰੇਰਕ
ਡੱਬਵਾਲੀ, 24 ਮਈ
ਸੀਆਈਏ ਡੱਬਵਾਲੀ ਅਤੇ ਸਾਈਬਰ ਸੈੱਲ ਦੀ ਸਾਂਝੀ ਟੀਮ ਨੇ ਮੌਜਗੜ੍ਹ ਕਤਲ ਕਾਂਡ ਦੇ ਫਰਾਰ ਮੁੱਖ ਸਾਜਿਸ਼ਘਾੜੇ ਹਰਪ੍ਰੀਤ ਸਿੰਘ ਉਰਫ ਲਵਲੀ ਵਾਸੀ ਪਿੰਡ ਡੱਬਵਾਲੀ ਨੂੰ ਪੰਜਾਬ ’ਚੋਂ ਗ੍ਰਿਫਤਾਰ ਕੀਤਾ ਹੈ। ਬੀਤੀ 28 ਅਕਤੂਬਰ 2024 ਨੂੰ ਪਿੰਡ ਮੌਜਗੜ੍ਹ ਵਿੱਚ ਕਰਨਵੀਰ ਸਿੰਘ ਉਰਫ ਮਾਨੀ ਦੀ ਹੱਤਿਆ ਕਰ ਦਿੱਤੀ ਗਈ ਸੀ ਜਦ ਕਿ ਉਸਦਾ ਪਿਤਾ ਰਾਜਿੰਦਰ ਸਿੰਘ ਉਰਫ ਕਾਲਾ ਜ਼ਖ਼ਮੀ ਹੋ ਗਿਆ। ਸੀਆਈਏ ਡੱਬਵਾਲੀ ਦੇ ਮੁਖੀ ਰਾਜਪਾਲ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਲਵਲੀ ਖ਼ਿਲਾਫ਼ ਮੌਜਗੜ੍ਹ ਤੋਂ ਇਲਾਵਾ ਮਸੀਤਾਂ ਹੱਤਿਆ ਕਾਂਡ ਵਿੱਚ ਅਪਰਾਧਕ ਸਾਜਿਸ਼ ਤਹਿਤ ਮੁਕੱਦਮਾ ਦਰਜ ਹੈ। ਅਦਾਲਤ ਦੇ ਨਿਰਦੇਸ਼ਾਂ ਤਹਿਤ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਮੌਜਗੜ੍ਹ ਹੱਤਿਆ ਕਾਂਡ ਵਿੱਚ ਦੋ ਮੁਲਜ਼ਮਾਂ ਕੁਲਦੀਪ ਸਿੰਘ ਉਰਫ ਗੱਗੀ ਵਾਸੀ ਮਟਦਾਦੂ ਅਤੇ ਲਛਮਣ ਉਰਫ ਪੁੰਡ ਵਾਸੀ ਮਸੀਤਾਂ ਨੂੰ ਪਹਿਲਾਂ ਹੀ ਹੱਤਿਆ ’ਚ ਵਰਤੇ ਮੋਟਰਸਾਈਕਲ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
Advertisement
Advertisement