ਮੋਹਨ ਤਿਆਗੀ ਨੂੰ ਮਿਲੇਗਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ
ਪੱਤਰ ਪ੍ਰੇਰਕ
ਜਲੰਧਰ, 17 ਮਾਰਚ
ਇਪਸਾ ਆਸਟਰੇਲੀਆ ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਹਰਭਜਨ ਹਲਵਾਰਵੀ ਪੁਰਸਕਾਰ ਇਸ ਵਾਰ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਾਲ ਵਿੱਚ 21 ਮਾਰਚ ਨੂੰ ਡਾ. ਮੋਹਨ ਤਿਆਗੀ ਨੂੰ ਪ੍ਰਦਾਨ ਕੀਤਾ ਜਾਵੇਗਾ। ਡਾ. ਮੋਹਨ ਤਿਆਗੀ ਅਕਾਦਮਿਕ ਹਲਕਿਆਂ ਵਿੱਚ ਪਿਆਰਿਆ, ਸਤਿਕਾਰਿਆ ਤੇ ਵਿਚਾਰਿਆ ਜਾਣ ਵਾਲਾ ਨਾਮ ਹੈ। ਡਾ. ਤਿਆਗੀ ਨੇ ਹਾਸ਼ੀਏ ’ਤੇ ਧੱਕੇ ਵਰਗ ਬਾਰੇ ਲਿਖਦਿਆਂ, ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਅਕਾਦਮਿਕ ਚਰਚਾ ਦੇ ਘੇਰੇ ਵਿੱਚ ਲਿਆਂਦਾ ਹੈ।
ਇਸ ਵਾਰ ਦਾ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਵਿਸ਼ੇਸ਼ ਭਾਸ਼ਨ, ਚਿੰਤਕ ਅਤੇ ਲੇਖਕ ਡਾ. ਭੀਮਇੰਦਰ ਸਿੰਘ ਵੱਲੋਂ ‘ਵਰਤਮਾਨ ਵਿੱਚ ਸਾਹਿਤ ਦੀ ਭੂਮਿਕਾ ਬਾਰੇ’ ਪੇਸ਼ ਕੀਤਾ ਜਾਵੇਗਾ। ਇਸ ਭਾਸ਼ਨ ਲਈ ਨਾਮਜ਼ਦ ਤਰਜ਼ਮਾਨ ਨੂੰ ਟਰੱਸਟ ਵੱਲੋਂ 11 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਆ ਜਾਂਦਾ ਹੈ ਜਦਕਿ ਹਰਭਜਨ ਹਲਵਾਰਵੀ ਪੁਰਸਕਾਰ ਵਿੱਚ ਸਨਮਾਨਿਤ ਹੋਣ ਵਾਲੀ ਹਸਤੀ ਨੂੰ 21 ਹਜ਼ਾਰ ਰੁਪਏ ਨਕਦ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਵੇਗਾ। ਸਮਾਗਮ ਵਿਚ ਹਰਭਜਨ ਹਲਵਾਰਵੀ ਪਰਿਵਾਰ ਵੱਲੋਂ ਉਨ੍ਹਾਂ ਦੇ ਪਤਨੀ ਪ੍ਰਿਤਪਾਲ ਕੌਰ ਹਲਵਾਰਵੀ ਅਤੇ ਨਿੱਕੇ ਭਰਾ ਡਾ. ਨਵਤੇਜ ਸਿੰਘ ਹਲਵਾਰਵੀ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹਿਣਗੇ। ਇਸ ਮੌਕੇ ਹਾਜ਼ਰੀਨ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਵੀ ਕੀਤਾ ਜਾਵੇਗਾ।