ਮੋਦੀ ਹਕੂਮਤ ’ਚ ਜਮਹੂਰੀ ਹੱਕਾਂ ਦਾ ਘਾਣ ਸਿਖ਼ਰ ’ਤੇ: ਅਮਨਦੀਪ ਕੋਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੂਨ
ਲੁਧਿਆਣਾ ਜ਼ਿਲ੍ਹੇ ਵਿੱਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਇਨਕਲਾਬੀ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਨਕਲਾਬੀ ਕੇਂਦਰ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਰਵਾਏ ਗਏ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਸੂਬਾਈ ਆਗੂ, ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਾਮਵਰ ਵਕੀਲ ਅਮਨਦੀਪ ਕੌਰ ਨੇ ਕਿਹਾ ਕਿ ਮੌਜੂਦਾ ਹਕੂਮਤ ਨੇ ਜਮਹੂਰੀ ਹੱਕਾਂ ਨੂੰ ਪੈਰਾਂ ਹੇਠ ਲਤਾੜ ਦੇਣ ਅਤੇ ਮਨੁੱਖੀ ਹੱਕਾਂ ਦਾ ਘਾਣ ਕਰਨ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਮੌਜੂਦਾ ਹਕੂਮਤ ਦੇ ਰਾਜ ਵਿੱਚ ਮੱਧ ਭਾਰਤ ਦੇ ਸੂਬਿਆ ਵਿੱਚ ਵਹਿਸ਼ੀ ਜਬਰ ਆਦਿਵਾਸੀ ਲੋਕਾਂ ਨੂੰ ਜੰਗਲਾਂ ਵਿੱਚੋਂ ਉਜਾੜਨ ਲਈ ਅਣਮਨੁੱਖੀ ਜਬਰ ਢਾਹਿਆ ਜਾ ਰਿਹਾ ਹੈ ਅਤੇ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਬੇਕਸੂਰ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ‘ਜਮਹੂਰੀ ਹੱਕਾਂ ਦਾ ਸਵਾਲ ਅਤੇ ਲੋਕ’ ਵਿਸ਼ੇ ਉਪਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ ਦਾ ਗਲ਼ਾ ਘੁੱਟਣ ਲਈ ਨਵੇਂ ਫ਼ੌਜਦਾਰੀ ਕਾਨੂੰਨ ਲਿਆਂਦੇ ਗਏ ਹਨ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੇਸ਼ ਨੂੰ ਫ਼ਿਰਕੂ ਲੀਹਾਂ 'ਤੇ ਵੰਡਣ ਲਈ ਧਾਰਮਿਕ ਘੱਟਗਿਣਤੀਆਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ, ਵਕਫ਼ ਸੋਧ ਕਾਨੂੰਨ ਅਤੇ ਪਹਿਲਗਾਮ ਦੀ ਘਟਨਾ ਦੀ ਆੜ ਵਿੱਚ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਤਿੱਖੀ ਕੀਤੀ ਜਾ ਰਹੀ ਹੈ। ਦੇਸ਼ ਧਰੋਹ ਦੇ ਕਾਲੇ ਕਾਨੂੰਨ ਤਹਿਤ ਉਮਰ ਖ਼ਾਲਿਦ ਵਾਂਗ ਦਰਜਨਾਂ ਬੁੱਧੀਜੀਵੀ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਦੂਜੇ ਪਾਸੇ ਮੱਧ ਪੂਰਬ ਵਿੱਚ ਅਮਰੀਕਨ-ਇਜ਼ਰਾਈਲੀ ਗੱਠਜੋੜ ਵੱਲੋਂ ਫ਼ਲਸਤੀਨੀ ਲੋਕਾਂ ਦਾ ਵਹਿਸ਼ੀ ਕਤਲੇਆਮ ਅਤੇ ਉਜਾੜਾ ਸਦੀ ਦਾ ਸਭ ਤੋਂ ਖ਼ਤਰਨਾਕ ਵਰਤਾਰਾ ਬਣ ਗਿਆ ਹੈ। ਮਾਸੂਮ ਬੱਚੇ ਪਾਣੀ, ਖ਼ੁਰਾਕ ਅਤੇ ਦਵਾਈਆਂ ਨੂੰ ਤਰਸਦੇ ਧਾਹਾਂ ਮਾਰ ਰਹੇ ਹਨ, ਪਰ ਅਮਰੀਕਨ ਸਾਮਰਾਜ ਦੇ ਇਸ਼ਾਰੇ 'ਤੇ ਗਾਜਾ ਪੱਟੀ ਤੋਂ ਬਾਦ ਹੁਣ ਅਗਲਾ ਨਿਸ਼ਾਨਾ ਇਰਾਨ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਮੱਧ-ਪੂਰਵ ਜੰਗ ਦਾ ਖਾਜਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਵਾਂਗ ਪੰਜਾਬ ਵਿੱਚ ਵੀ ਵਿਰੋਧ ਲਹਿਰ ਜਥੇਬੰਦ ਕਰਨ ਦਾ ਸੱਦਾ ਦਿੱਤਾ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਮਜ਼ਦੂਰ ਆਗੂਆਂ ਕਾਮਰੇਡ ਸੁਰਿੰਦਰ ਅਤੇ ਅਵਤਾਰ ਸਿੰਘ ਰਸੂਲਪੁਰ ਨੇ ਵੀ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿੱਛੜੇ ਸਾਥੀਆਂ ਦੇ ਪਰਿਵਾਰਾਂ ਨੂੰ ਗ਼ਦਰੀ ਸ਼ਹੀਦ ਹਾਫ਼ਿਜ਼ ਅਬਦੁੱਲਾ ਜਗਰਾਉਂ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਫ਼ਲਸਤੀਨੀ ਲੋਕਾਂ ਨੂੰ ਸਹਾਇਤਾ ਸਮਗਰੀ ਪੁਚਾਉਣ ਲਈ ਮੈਡਲੀਨ ਜਹਾਜ਼ ’ਤੇ ਗਾਜਾ ਪੱਟੀ ਨੂੰ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਸਮੇਤ 12 ਸ਼ਖ਼ਸੀਅਤਾਂ ਨੂੰ ਇਜ਼ਰਾਈਲ ਦੀ ਗ੍ਰਿਫ਼ਤ ’ਚੋਂ ਰਿਹਾ ਕਰਨ ਦੀ ਮੰਗ ਕੀਤੀ ਹੈ। ਹੋਰਨਾ ਤੋਂ ਇਲਾਵਾ ਸੁਖਵਿੰਦਰ ਸਿੰਘ ਹੰਬੜਾਂ, ਬਹਾਦਰ ਸਿੰਘ ਲੱਖਾ, ਹਰਦੇਵ ਸਿੰਘ ਅਖਾੜਾ , ਬੇਅੰਤ ਸਿੰਘ ਬਾਣੀਏਵਾਲ, ਕਿਸਾਨ ਔਰਤ ਵਿੰਗ ਆਗੂ ਹਰਜਿੰਦਰ ਕੌਰ ਲੁਧਿਆਣਾ, ਸੁਖਵੰਤ ਕੋਰ ਗਾਲਬ, ਮਾਸਟਰ ਹਰਦੇਵ ਮੁੱਲਾਂਪੁਰ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਐਡਵੋਕੇਟ ਮਹਿੰਦਰ ਸਿੰਘ ਸਿਧਵਾਂ, ਅਵਤਾਰ ਸਿੰਘ ਗਗੜਾ, ਕਸਤੂਰੀ ਲਾਲ, ਸੋਨੀ ਸਿਧਵਾਂ, ਜਸਵਿੰਦਰ ਸਿੰਘ ਭਮਾਲ ਵੀ ਮੌਜੂਦ ਸਨ।