ਮੋਦੀ ਵੱਲੋਂ ਕ੍ਰੋਏਸ਼ਿਆਈ ਹਮਰੁਤਬਾ ਨਾਲ ਗੱਲਬਾਤ
ਜ਼ਗਰੇਬ, 18 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕ੍ਰੋਏਸ਼ਿਆਈ ਹਮਰੁਤਬਾ ਆਂਦਰੇਜ ਪਲੈਂਕੋਵਿਕ ਨਾਲ ਵਫ਼ਦ ਪੱਧਰੀ ਗੱਲਬਾਤ ਤੇ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਮੋਦੀ ਜੋ ਬਲਕਾਨ ਮੁਲਕ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ, ਆਪਣੇ ਤਿੰਨ ਮੁਲਕੀ ਦੌਰੇ ਦੇ ਆਖਰੀ ਗੇੜ ਤਹਿਤ ਅੱਜ ਇੱਥੇ ਪਹੁੰਚੇ। ਇੱਥੇ ਪਹੁੰਚਣ ’ਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੌਜੂਦ ਸਨ। ਮੋਦੀ ਇੱਥੇ ਰਾਸ਼ਟਰਪਤੀ ਜ਼ੋਰਾਨ ਮਿਲਨੋਵਿਕ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੌਰੇ ਤੋਂ ਪਹਿਲਾ ਕਿਹਾ, ‘‘ਸਾਡੇ ਦੋਵਾਂ ਦੇਸ਼ਾਂ ਵਿਚਾਲੇ ਸਦੀਆਂ ਪੁਰਾਣੇ ਗੂੜ੍ਹੇ ਸੱਭਿਆਚਾਰਕ ਸਬੰਧ ਹਨ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੇ ਕ੍ਰੋਏਸ਼ੀਆ ਦੇ ਪਹਿਲੇ ਦੌਰੇ ਨਾਲੇ ਸਾਂਝੇ ਹਿੱਤ ਦੇ ਖੇਤਰਾਂ ’ਚ ਦੁਵੱਲੇ ਸਹਿਯੋਗ ਦੇ ਨਵੇਂ ਰਾਹ ਖੁੱਲ੍ਹਣਗੇ।’’ -ਪੀਟੀਆਈ
ਭਾਰਤੀਆਂ ਦਾ ਕ੍ਰੋਏਸ਼ੀਆ ਦੇ ਵਿਕਾਸ ’ਚ ਯੋਗਦਾਨ: ਮੋਦੀ
ਕ੍ਰੋਏਸ਼ੀਆ ’ਚ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਐੱਕਸ ਹੈਂਡਲ ’ਤੇ ਪੋਸਟ ’ਚ ਮੋਦੀ ਨੇ ਕਿਹਾ, ‘‘ਸੱਭਿਆਚਾਰ ਦੇ ਸਬੰਧ ਮਜ਼ਬੂਤ ਹਨ। ਕ੍ਰੋਏਸ਼ੀਆ ’ਚ ਭਾਰਤੀ ਸੱਭਿਆਚਾਰ ਦਾ ਸਨਮਾਨ ਦੇਖ ਕੇ ਖੁਸ਼ ਹੋਈ। ਕ੍ਰੋਏਸ਼ੀਆ ਦੇ ਭਾਰਤੀਆਂ ਨੇ ਬਲਕਾਨ ਮੁਲਕ ਦੇ ਵਿਕਾਸ ’ਚ ਜ਼ਿਕਰਯੋਗ ਯੋਗਦਾਨ ਪਾਇਆ ਹੈ।’’ ਇਸ ਦੌਰਾਨ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਕੁਝ ਮੈਬਰਾਂ ਨਾਲ ਗੱਲਬਾਤ ਵੀ ਕੀਤੀ। -ਪੀਟੀਆਈ