ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਆਗਾਜ਼ ਕੀਤਾ

07:21 AM Sep 18, 2023 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਵੁਕ ਹੋਇਆ ਇੱਕ ਕਾਰੀਗਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 17 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਥੇ ਦਵਾਰਕਾ ’ਚ 5400 ਕਰੋੜ ਰੁਪਏ ਦੀ ਲਾਗਤ ਵਾਲੇ ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ‘ਯਸ਼ੋਭੂਮੀ’ ਦੇ ਪਹਿਲੇ ਪੜਾਅ ਦਾ ਉਦਘਾਟਨ ਵੀ ਕੀਤਾ। ਮੋਦੀ ਨੇ ਕਿਹਾ,‘‘ਅੱਜ ਮੈਂ ਦੇਸ਼ ਦੇ ਹਰੇਕ ਕਿਰਤੀ, ਹਰੇਕ ਵਿਸ਼ਵਕਰਮਾ ਨੂੰ ਯਸ਼ੋਭੂਮੀ ਸਮਰਪਿਤ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਅੱਜ ਦੇਸ਼ ’ਚ ਅਜਿਹੀ ਸਰਕਾਰ ਹੈ ਜੋ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਨ ਮੌਕੇ ਟੂਲਕਿਟ ਈ-ਬੁਕਲੈੱਟ ਦੇ ਨਾਲ 18 ਰਵਾਇਤੀ ਕੰਮਾਂ ਨੂੰ ਕਵਰ ਕਰਨ ਵਾਲੀ 18 ਸਟੈਂਪ ਸ਼ੀਟਾਂ ਤੋਂ ਵੀ ਪਰਦਾ ਉਠਾਇਆ ਜਿਨ੍ਹਾਂ ’ਤੇ ਇਸ ਯੋਜਨਾ ਤਹਿਤ ਕਵਰ ਕੀਤੇ ਗਏ ਕਿਰਤੀ ਸ਼ਾਮਲ ਹਨ। ਮੋਦੀ ਨੇ ਇਥੇ ਆਏ ਕਾਰੀਗਰਾਂ ਵੱਲੋਂ ਲਾਏ ਗਏ ਪੰਡਾਲ ਦਾ ਦੌਰਾ ਕਰਕੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਯਸ਼ੋਭੂਮੀ ’ਚ ਇਕੱਠ ਨੂੰ ਵਿਸ਼ਵਕਰਮਾ ਯੋਜਨਾ ਦੇ ਵੇਰਵੇ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਕਿਹਾ ਕਿ ਉਹ ਜੀਐੱਸਟੀ ਰਜਿਸਟਰੇਸ਼ਨ ਵਾਲੀਆਂ ਦੁਕਾਨਾਂ ਤੋਂ ਹੀ ਭਾਰਤ ’ਚ ਬਣੀਆਂ ਟੂਲਕਿੱਟਾਂ ਖ਼ਰੀਦਣ। ਸਰਕਾਰ ਦੇ ‘ਵੋਕਲ ਫਾਰ ਲੋਕਲ’ ਨਜ਼ਰੀਏ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਗਣੇਸ਼ ਚਤੁਰਥੀ, ਧਨਤੇਰਸ ਅਤੇ ਦੀਵਾਲੀ ਸਮੇਤ ਹੋਰ ਆਉਂਦੇ ਤਿਉਹਾਰਾਂ ਦੌਰਾਨ ਸਥਾਨਕ ਉਤਪਾਦਾਂ ਨੂੰ ਹੀ ਖ਼ਰੀਦਣ। ਮੋਦੀ ਨੇ ਕਿਹਾ ਕਿ ਕਾਨਫਰੰਸ ਟੂਰਿਜ਼ਮ ਅੰਦਾਜ਼ਨ 25 ਲੱਖ ਕਰੋੜ ਰੁਪਏ ਦਾ ਹੈ ਅਤੇ ਭਾਰਤ ਲਈ ਇਹ ਵੱਡਾ ਮੌਕਾ ਹੈ। ‘ਯਸ਼ੋਭੂਮੀ ਕਾਨਫਰੰਸਾਂ ਅਤੇ ਪ੍ਰਦਰਸ਼ਨੀਆਂ ਲਾਉਣ ਲਈ ਮੁਕੰਮਲ ਥਾਂ ਹੈ ਅਤੇ ਇਸ ਨਾਲ ਕਈ ਲੱਖ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।’ ਪ੍ਰਧਾਨ ਮੰਤਰੀ ਦੀ ਅਗਵਾਈ ਹੇਠਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਪਿਛਲੇ ਮਹੀਨੇ ਪੀਐੱਮ ਵਿਸ਼ਵਕਰਮਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਸੀ ਜਿਸ ਲਈ ਪੰਜ ਸਾਲਾਂ ਲਈ 13 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ।
ਯੋਜਨਾ ਤਹਿਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ, ਪੰਜ ਫ਼ੀਸਦੀ ਵਿਆਜ ’ਤੇ ਇਕ ਅਤੇ ਦੋ ਲੱਖ ਰੁਪਏ ਦੀਆਂ ਦੋ ਕਿਸ਼ਤਾਂ ’ਤੇ ਪੈਸਾ ਪ੍ਰਦਾਨ ਕੀਤਾ ਜਾਵੇਗਾ। ਯੋਜਨਾ ਦਾ ਲਾਭ 18 ਰਵਾਇਤੀ ਕੰਮਾਂ ਨੂੰ ਮਿਲੇਗਾ ਜਿਨ੍ਹਾਂ ’ਚ ਤਰਖਾਣ, ਕਿਸ਼ਤੀਆਂ ਬਣਾਉਣ ਵਾਲੇ, ਲੁਹਾਰ, ਤਾਲੇ ਬਣਾਉਣ ਵਾਲੇ, ਸੁਨਿਆਰ, ਘੁਮਿਆਰ, ਮੂਰਤੀਕਾਰ, ਸ਼ਿਲਪਕਾਰ, ਮੋਚੀ, ਮਿਸਤਰੀ, ਟੋਕਰੀਆਂ ਆਦਿ ਬੁਣਨ ਵਾਲੇ, ਖਿਡੌਣੇ ਬਣਾਉਣ ਵਾਲੇ, ਨਾਈ, ਹਾਰ ਪਿਰੋਣ ਵਾਲੇ, ਧੋਬੀ, ਦਰਜੀ ਅਤੇ ਮੱਛੀਆਂ ਫੜਨ ਵਾਲੇ ਜਾਲ ਬਣਾਉਣ ਵਾਲੇ ਸ਼ਾਮਲ ਹਨ। -ਪੀਟੀਆਈ

Advertisement

ਕੇਂਦਰ ਸਰਕਾਰ ਕਰਜ਼ਿਆਂ ’ਤੇ 8 ਫੀਸਦੀ ਤਕ ਦੇਵੇਗੀ ਰਿਆਇਤ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਂਚ ਕੀਤੀ ਗਈ ਵਿਸ਼ਵਕਰਮਾ ਯੋਜਨਾ ਤਹਿਤ ਕਾਰੀਗਰਾਂ ਨੂੰ ਸਰਕਾਰ ਵੱਲੋਂ ਕਰਜ਼ਿਆਂ ’ਤੇ 8 ਫੀਸਦ ਤਕ ਰਿਆਇਤ ਦਿੱਤੀ ਜਾਵੇਗੀ। ਇਸ ਮੰਤਵ ਲਈ ਸਰਕਾਰ ਨੇ ਮੌਜੂਦਾ ਕੇਂਦਰੀ ਬਜਟ ਵਿੱਚ 13 ਹਜ਼ਾਰ ਕਰੋੜ ਦੀ ਵਿਵਸਥਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਰੀਗਰਾਂ ਨੂੰ 5 ਫੀਸਦ ਦੀ ਦਰ ’ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਸ਼ੁਰੂ ਵਿੱਚ ਇਕ ਲੱਖ ਦਾ ਕਰਜ਼ਾ ਦਿੱਤਾ ਜਾਵੇਗਾ ਜਿਸ ਦਾ ਭੁਗਤਾਨ 18 ਮਹੀਨਿਆਂ ’ਚ ਕਰਨਾ ਹੋਵੇਗਾ। ਇਸ ਮਗਰੋਂ ਲਾਭਕਾਰੀ 2 ਲੱਖ ਰੁਪਏ ਦਾ ਹੋਰ ਕਰਜ਼ਾ ਲੈਣ ਦੇ ਯੋਗ ਹੋ ਜਾਵੇਗਾ। ਵਿਸ਼ਵਕਰਮਾ ਯੋਜਨਾ ਤਹਿਤ ਕਾਰੀਗਰਾਂ ਨੂੰ ਨਾ ਸਿਰਫ ਵਿੱਤੀ ਸਮਰਥਨ ਦਿੱਤਾ ਜਾਵੇਗਾ ਸਗੋਂ ਉਨ੍ਹਾਂ ਨੂੰ ਆਧੁਨਿਕ ਕਲਾ ਬਾਰੇ ਸਿਖਲਾਈ, ਡਿਜੀਟਲ ਤਕਨੀਕ, ਵਿਸ਼ਵ ਪੱਧਰੀ ਮਾਰਕੀਟਾਂ ਤੇ ਡਿਜੀਟਲ ਭੁਗਤਾਨ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਮਾਜਿਕ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇਗੀ। ਕਾਰੀਗਰਾਂ ਨੂੰ ਪੰਜ ਦਿਨਾਂ ਲਈ ਕਲਾ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਦੌਰਾਨ ਰੋਜ਼ਾਨਾ 500 ਰੁਪਏ ਭੱਤਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਔਜ਼ਾਰਾਂ ਦੀ ਕਿੱਟ ਲਈ 15 ਹਜ਼ਾਰ ਦੀ ਗਰਾਂਟ ਦਿੱਤੀ ਜਾਵੇਗੀ। -ਪੀਟੀਆਈ

ਵਿਸ਼ਵਕਰਮਾ ਯੋਜਨਾ ਇਕ ਹੋਰ ਚੋਣ ਜੁਮਲਾ: ਕਾਂਗਰਸ

ਹੈਦਰਾਬਾਦ: ਕਾਂਗਰਸ ਨੇ ਪੀਐੱਮ ਵਿਸ਼ਵਕਰਮਾ ਯੋਜਨਾ ਦੇ ਉਦਘਾਟਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਇਹ ਇਕ ਹੋਰ ਚੋਣ ਜੁਮਲਾ ਹੈ ਪਰ ਉਹ ਜਾਤੀ ਜਨਗਨਣਾ ਜਿਹੇ ਮੁੱਦਿਆਂ ’ਤੇ ਜਾਣਬੁੱਝ ਕੇ ਖਾਮੋਸ਼ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਲੋਕਾਂ ਨੂੰ ਮੁੜ ਤੋਂ ਮੂਰਖ ਨਹੀਂ ਬਣਾਇਆ ਜਾ ਸਕਦਾ ਹੈ ਅਤੇ ਇਹ ਪ੍ਰਧਾਨ ਮੰਤਰੀ ਮੋਦੀ ਦੀ ਰਿਟਾਇਰਮੈਂਟ ਦਾ ਸਮਾਂ ਹੈ। ਸੋਸ਼ਲ ਮੀਡੀਆ ‘ਐਕਸ’ ’ਤੇ ਜੈਰਾਮ ਰਮੇਸ਼ ਨੇ ਪੋਸਟ ਕੀਤਾ,‘‘ਨੋਟਬੰਦੀ ਅਤੇ ਖਾਮੀਆਂ ਭਰਪੂਰ ਜੀਐੱਸਟੀ ਮਗਰੋਂ ਕੋਵਿਡ-19 ਦੌਰਾਨ ਅਚਾਨਕ ਲਾਏ ਗਏ ਲੌਕਡਾਊਨ ਨੇ ਦੇਸ਼ ਦੇ ਸੂਖਮ ਅਤੇ ਛੋਟੇ ਉੱਦਮੀਆਂ ਨੂੰ ਵੱਡੀ ਢਾਹ ਲਾਈ ਹੈ। ਉਨ੍ਹਾਂ ਨੂੰ ਬਰਬਾਦ ਕਰਨ ਮਗਰੋਂ ਹੁਣ ਪ੍ਰਧਾਨ ਮੰਤਰੀ ਦੇਰੀ ਨਾਲ ਜਾਗੇ ਹਨ ਅਤੇ ਵਿਸ਼ਵਕਰਮਾ ਯੋਜਨਾ ਦੇ ਰੂਪ ’ਚ ਇਕ ਹੋਰ ਚੋਣ ਜੁਮਲਾ ਪੇਸ਼ ਕਰ ਰਹੇ ਹਨ ਪਰ ਉਹ ਜਾਤੀ ਜਨਗਨਣਾ ਦੇ ਮੁੱਦੇ ’ਤੇ ਜਾਣਬੁੱਝ ਕੇ ਲਗਾਤਾਰ ਖਾਮੋਸ਼ ਹਨ।’ ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਮੋਦੀ ਆਪਣੇ ਨੇੜਲੇ ਦੋਸਤ ਗੌਤਮ ਅਡਾਨੀ ’ਤੇ ਕੋਈ ਲਗਾਮ ਨਹੀਂ ਲਗਾ ਰਹੇ ਹਨ ਜੋ ਮੁੰਬਈ ਦੇ ਧਾਰਾਵੀ ’ਚ ਇਕ ਅਰਬ ਡਾਲਰ ਦੇ ਅਰਥਚਾਰੇ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਕੇ ਬੈਠਾ ਹੈ ਜਿਥੇ ਦੇਸ਼ ਦੇ ਹਰੇਕ ਕੋਨੇ ਦੇ ਲੋਕ ਸਖ਼ਤ ਮਿਹਨਤ ਕਰਦੇ ਹਨ। -ਪੀਟੀਆਈ

Advertisement

Advertisement