ਮੋਦੀ ਨੇ ਏਅਰਟੈੱਲ ਤੇ ਜੀਓ ਦਾ ‘ਸਟਾਰਲਿੰਕ’ ਨਾਲ ਸਮਝੌਤਾ ਕਰਵਾਇਆ: ਕਾਂਗਰਸ
ਨਵੀਂ ਦਿੱਲੀ, 13 ਮਾਰਚ
ਕਾਂਗਰਸ ਨੇ ਭਾਰਤੀ ਦੂਰਸੰਚਾਰ ਕੰਪਨੀਆਂ ਏਅਰਟੈੱਲ ਤੇ ਜੀਓ ਵੱਲੋਂ ‘ਸਟਾਰਲਿੰਕ’ (ਸਪੇਸਐੱਕਸ) ਨਾਲ ਭਾਈਵਾਲੀ ਦਾ ਐਲਾਨ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਅੱਜ ਦਾਅਵਾ ਕੀਤਾ ਕਿ ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਵਾਏ ਗਏ ਹਨ ਤਾਂ ਜੋ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਭੱਲ ਬਣਾ ਸਕਣ। ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ ਕਈ ਸਵਾਲ ਬਾਕੀ ਹਨ ਪਰ ਸਭ ਤੋਂ ਅਹਿਮ ਮਸਲਾ ਕੌਮੀ ਸੁਰੱਖਿਆ ਦਾ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਪੋਸਟ ’ਚ ਕਿਹਾ, ‘12 ਘੰਟਿਆਂ ਅੰਦਰ ਏਅਰਟੈੱਲ ਤੇ ਜੀਓ ਦੋਵਾਂ ਨੇ ਸਟਾਰਲਿੰਕ ਨਾਲ ਭਾਈਵਾਲੀ ਦਾ ਐਲਾਨ ਕੀਤਾ ਹੈ, ਜਦਕਿ ਹੁਣ ਤੱਕ ਇਹ ਕੰਪਨੀਆਂ ਇਸ ਦੇ ਭਾਰਤ ਆਉਣ ’ਤੇ ਲਗਾਤਾਰ ਇਤਰਾਜ਼ ਜਤਾਉਂਦੀਆਂ ਰਹੀਆਂ ਹਨ।’ ਉਨ੍ਹਾਂ ਦਾਅਵਾ ਕੀਤਾ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਸਟਾਰਲਿੰਕ ਦੇ ਮਾਲਕ ਐਲਨ ਮਸਕ ਰਾਹੀਂ ਰਾਸ਼ਟਰਪਤੀ ਟਰੰਪ ਅੱਗੇ ਭੱਲ ਬਣਾਉਣ ਲਈ ਇਹ ਭਾਈਵਾਲੀਆਂ ਕਿਸੇ ਹੋਰ ਨਹੀਂ ਸਗੋਂ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਕਰਵਾਈਆਂ ਹਨ। ਕਾਂਗਰਸ ਆਗੂ ਨੇ ਕਿਹਾ, ‘ਪਰ ਕਈ ਸਵਾਲ ਬਾਕੀ ਹਨ। ਸਭ ਤੋਂ ਅਹਿਮ ਸਵਾਲ ਕੌਮੀ ਸੁਰੱਖਿਆ ਨਾਲ ਸਬੰਧਤ ਹੈ। ਕੌਮੀ ਸੁਰੱਖਿਆ ਦੀ ਮੰਗ ਹੋਣ ’ਤੇ ਸੰਚਾਰ ਨੂੰ ਚਾਲੂ ਜਾਂ ਬੰਦ ਕਰਨ ਦੀ ਸ਼ਕਤੀ ਕਿਸ ਕੋਲ ਹੋਵੇਗੀ? ਕੀ ਇਹ ਸਟਾਰਲਿੰਕ ਹੈ ਜਾਂ ਉਸ ਦੇ ਭਾਰਤੀ ਭਾਈਵਾਲ ਹੋਣਗੇ? ਕੀ ਹੋਰ ਉਪਗ੍ਰਹਿ ਆਧਾਰਿਤ ਸੰਚਾਰ ਸੇਵਾ ਦੇਣ ਵਾਲਿਆਂ ਨੂੰ ਵੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਜੇ ਹਾਂ, ਤਾਂ ਕਿਸ ਆਧਾਰ ’ਤੇ?’ ਰਮੇਸ਼ ਨੇ ਕਿਹਾ ਕਿ ਬਿਨਾਂ ਸ਼ੱਕ ਭਾਰਤ ’ਚ ਟੈਸਲਾ ਦਾ ਨਿਰਮਾਣ ਵੱਡਾ ਸਵਾਲ ਬਣਿਆ ਹੋਇਆ ਹੈ। -ਪੀਟੀਆਈ