ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੀ ਯੂਕਰੇਨ ਫੇਰੀ ਦੇ ਸੰਦੇਸ਼

08:34 AM Aug 26, 2024 IST

ਜਯੋਤੀ ਮਲਹੋਤਰਾ

ਸ਼ੁੱਕਰਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਉੱਪਰ ਸ਼ਰਧਾ ਦੇ ਫੁੱਲ ਭੇਟ ਕਰਨ ਜਾ ਰਹੇ ਸਨ ਤਾਂ ਸ਼ਾਂਤ ਮਾਹੌਲ ਵਿੱਚ ਕੁਝ ਉਤਸ਼ਾਹੀ ਭਾਰਤੀਆਂ ਵੱਲੋਂ ਲਾਏ ਜਾ ਰਹੇ ‘ਹਰ ਹਰ ਮੋਦੀ’ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰਿਆਂ ਦੀ ਰੜਕ ਮਹਿਸੂਸ ਹੋ ਰਹੀ ਸੀ। ਕੁਝ ਮਿੰਟਾਂ ਬਾਅਦ, ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੌਰਾਨ ਮਾਰੇ ਗਏ ਲੋਕਾਂ ਦੀ ਯਾਦਗਾਰ ਸਾਹਮਣੇ ਮੋਦੀ ਅਤੇ ਵਲੋਦੀਮੀਰ ਜ਼ੇਲੈਂਸਕੀ ਵਿਚਕਾਰ ਹੋਈ ਮੁਲਾਕਾਤ ਦੇ ਮਾਹੌਲ ਤੋਂ ਸੰਕੇਤ ਮਿਲ ਰਹੇ ਸਨ ਕਿ ਇਸ ਜੰਗ ਨੂੰ ਲੈ ਕੇ ਭਾਰਤ ਨੂੰ ਮੱਧ ਮਾਰਗ ਅਪਣਾਉਣ ਵਿੱਚ ਕਿਹੋ ਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਹਿਲੀ ਨਜ਼ਰੇ ਦੇਖਿਆਂ ਇਹ ਮਾਮਲਾ ਸਿੱਧਾ ਜਾਪਦਾ ਹੈ। ਰੂਸ ਨੇ ਯੂਕਰੇਨ ’ਤੇ ਧਾਵਾ ਬੋਲ ਦਿੱਤਾ ਸੀ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਬਣਦੀ ਸੀ ਜਿਵੇਂ ਕਿ ਬਹੁਤ ਸਾਰੇ ਭਾਰਤੀਆਂ ਅਤੇ ਰੂਸੀਆਂ ਨੇ ਕੀਤੀ ਵੀ ਹੈ। ਪਰ ਰਤਾ ਨੇੜਿਓਂ ਦੇਖਣ ਤੋਂ ਇਸ ਦਾ ਪ੍ਰਸੰਗ ਦਿਸਣ ਲੱਗ ਪੈਂਦਾ ਹੈ। ਦੋ ਸਾਲ ਪਹਿਲਾਂ ਰੂਸ ਨੇ ਜ਼ਾਹਰਾ ਤੌਰ ’ਤੇ ਇਸ ਕਰ ਕੇ ਹਮਲਾ ਵਿੱਢਿਆ ਸੀ ਕਿ ਆਪਣੀਆਂ ਸਰਹੱਦਾਂ ’ਤੇ ਨਾਟੋ ਦੇ ਹੋ ਰਹੇ ਵਿਸਤਾਰ ਤੋਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਕਿਸੇ ਵੇਲੇ ਭਿਆਲ ਅਤੇ ਇੱਕ ਧਰਮ ਦੇ ਪੈਰੋਕਾਰ ਰਹੇ ਰੂਸ ਅਤੇ ਯੂਕਰੇਨ ਵਿਚਕਾਰ ਹੁਣ ਜਿੱਤ ਜਾਂ ਹਾਰ ਦਾ ਮਸਲਾ ਨਹੀਂ ਰਿਹਾ ਸਗੋਂ ਰੂਸ ਅਤੇ ਅਮਰੀਕਾ ਵਿਚਕਾਰ ਬਹੁਤੀ ਚਰਚਾ ਇਸ ਗੱਲ ’ਤੇ ਹੋ ਰਹੀ ਹੈ ਕਿ ਦੁਨੀਆ ਵਿੱਚ ਰੂਸ ਦਾ ਕੀ ਮੁਕਾਮ ਹੋਵੇ।
ਹਰ ਕੋਈ, ਖ਼ਾਸਕਰ ਯੂਕਰੇਨੀ ਜਾਣਦੇ ਹਨ ਕਿ ਜੇ ਅਮਰੀਕਾ ਅਤੇ ਜ਼ਿਆਦਾਤਰ ਪੱਛਮੀ ਦੇਸ਼ਾਂ ਵੱਲੋਂ ਜ਼ੇਲੈਂਸਕੀ ਦੇ ਬੰਦਿਆਂ ਨੂੰ ਸੂਖ਼ਮ ਹਥਿਆਰ ਮੁਹੱਈਆ ਨਾ ਕਰਵਾਏ ਗਏ ਹੁੰਦੇ ਤਾਂ ਇਹ ਜੰਗ ਬਹੁਤ ਦੇਰ ਪਹਿਲਾਂ ਹੀ ਮੁੱਕ ਚੁੱਕੀ ਹੋਣੀ ਸੀ। ਪਰ ਅਜਿਹਾ ਹੋਇਆ ਨਹੀਂ ਅਤੇ ਹਾਲੇ ਵੀ ਨਿਰਦੋਸ਼ ਲੋਕਾਂ ਦਾ ਘਾਣ ਹੋ ਰਿਹਾ ਹੈ। ਵੱਡੀਆਂ ਤਾਕਤਾਂ ਦੀ ਰਾਜਨੀਤੀ ਹਾਵੀ ਹੋ ਗਈ ਹੈ। ਯੂਕਰੇਨੀ ਜੰਗ ਦਾ ਇਹੋ ਲਬੋਲਬਾਬ ਹੈ। ਕੌਣ ਬਣੇਗਾ ਦੁਨੀਆ ਦਾ ਚੌਧਰੀ ? 1991 ਵਿੱਚ ਜਦੋਂ ਸੋਵੀਅਤ ਸੰਘ ਖਿੰਡ-ਪੁੰਡ ਗਿਆ ਸੀ ਤਾਂ ਉਦੋਂ ਤੋਂ ਹੀ ਅਮਰੀਕਾ ਟੀਸੀ ਦਾ ਮੁਕਾਮ ਛੱਡਣ ਲਈ ਤਿਆਰ ਨਹੀਂ ਹੈ। ਰੂਸੀ ਹਾਲੇ ਵੀ ਅਮਰੀਕੀਆਂ ਜਿੰਨੇ ਤਾਕਤਵਰ ਨਹੀਂ ਹਨ ਪਰ ਉਹ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਟੀਸੀ ’ਤੇ ਕੋਈ ਇੱਕ ਚੌਧਰੀ ਨਹੀਂ ਹੋਣਾ ਚਾਹੀਦਾ। ਤੇ ਚੀਨੀ ਹਮੇਸ਼ਾ ਵੇਖੋ ਤੇ ਉਡੀਕੋ ਦੀ ਰਣਨੀਤੀ ’ਤੇ ਚਲਦੇ ਹਨ ਅਤੇ ਦੋਵਾਂ ਧਿਰਾਂ ਨੂੰ ਪੁਚਕਾਰ ਕੇ ਅਮਰੀਕਾ ਨਾਲ ਆਪਣਾ ਵਪਾਰ ਵਧਾ ਰਹੇ ਹਨ ਅਤੇ ਦੂਜੇ ਪਾਸੇ ਉਹ ਘਰ ਅਤੇ ਬਾਹਰ ਵਲਾਦੀਮੀਰ ਪੂਤਿਨ ਦੇ ਪ੍ਰਸੰਗਕ ਬਣੇ ਰਹਿਣ ਦੀ ਲਾਚਾਰੀ ਦੀ ਪ੍ਰੋੜਤਾ ਵੀ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਕੀ ਕਰ ਰਹੇ ਹਨ? ਇਸ ਮਹਾਂ ਖੇਡ ਵਿੱਚ ਭਾਰਤ ਕਿੱਥੇ ਖੜ੍ਹਾ ਹੈ, ਇਸ ਦਾ ਜਵਾਬ ਪੇਚੀਦਾ ਹੈ। ਇੱਕ ਪਾਸੇ ਮੋਦੀ ਦੁਨੀਆ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿੱਚ ਸ਼ੁਮਾਰ ਕੀਵ ਵਿੱਚ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਦੱਸ ਰਹੇ ਹਨ ਕਿ ਭਾਰਤ ‘‘ਸ਼ਾਂਤੀ ਵੱਲ ਵਧਣ ਲਈ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।’’ ਇਸ ਤੋਂ ਪਹਿਲਾਂ ਉਨ੍ਹਾਂ ਦੋਵਾਂ ਨੇ ਘੁੱਟ ਕੇ ਜੱਫੀ ਪਾਈ ਜਿਵੇਂ ਕਿ ਛੇ ਕੁ ਹਫ਼ਤੇ ਪਹਿਲਾਂ ਮਾਸਕੋ ਦੇ ਬਾਹਰਵਾਰ ਰਾਸ਼ਟਰਪਤੀ ਪੂਤਿਨ ਦੇ ਡਾਚੇ ’ਤੇ ਉਨ੍ਹਾਂ ਨਾਲ ਜੱਫੀ ਪਾਈ ਸੀ ਤੇ ਉਸ ਸਮੇਂ ਪੂਤਿਨ ਡਿੱਗ ਹੀ ਪਏ ਸਨ। ਇਹ ਗੱਲ ਵੱਖਰੀ ਹੈ ਕਿ ਇਸ ਜੱਫੀ ’ਤੇ ਜ਼ੇਲੈਂਸਕੀ ਨੇ ਤਿੱਖੀ ਨਾਰਾਜ਼ਗੀ ਜਤਾਈ ਸੀ। ਕੁਝ ਪਲ ਬਾਅਦ ਮੋਦੀ ਨੇ ਜ਼ੇਲੈਂਸਕੀ ਦੇ ਖੱਬੇ ਮੋਢੇ ’ਤੇ ਹੱਥ ਰੱਖਿਆ ਜਿਵੇਂ ਕੋਈ ਆਪਣੇ ਛੋਟੇ ਭਰਾ ਨੂੰ ਧਰਵਾਸ ਦੇਣ ਲਈ ਕਰਦਾ ਹੈ ਅਤੇ ਉਨ੍ਹਾਂ ਆਪਣਾ ਹੱਥ ਉਦੋਂ ਤੱਕ ਟਿਕਾ ਕੇ ਰੱਖਿਆ ਜਦੋਂ ਤੱਕ ਫੋਟੋਗ੍ਰਾਫ਼ਰਾਂ ਨੇ ਤਸਵੀਰਾਂ ਨਾ ਖਿੱਚ ਲਈਆਂ।
ਦੇਖਣ ਨੂੰ ਇਹੀ ਲਗਦਾ ਹੈ ਕਿ ਮੋਦੀ ਦਾ ਮਨ ਪਸੀਜ ਗਿਆ ਸੀ ਅਤੇ ਜੇ ਅਜਿਹਾ ਹੋਇਆ ਸੀ ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ। ਭਾਰਤ ਅਮੂਮਨ ਕਮਜ਼ੋਰਾਂ ਨਾਲ ਖੜ੍ਹਦਾ ਰਿਹਾ ਹੈ - ਸਾਬਕਾ ਪੂਰਬੀ ਪਾਕਿਸਤਾਨ ਵਿੱਚ ਮੁਕਤੀ ਬਾਹਿਨੀ ਦੀ ਹਮਾਇਤ ਇਸ ਦੀ ਚੰਗੀ ਮਿਸਾਲ ਹੈ ਪਰ ਇਸ ਤੋਂ ਇਲਾਵਾ ਵੀ ਇੱਥੇ ਕਾਫ਼ੀ ਕੁਝ ਹੋ ਰਿਹਾ ਹੈ। ਜਾਪਦਾ ਹੈ ਕਿ ਸ੍ਰੀ ਮੋਦੀ ਨੂੰ ਇਸ ਲਈ ਕਾਫ਼ੀ ਹੱਦ ਤੱਕ ਰਾਜ਼ੀ ਕਰ ਲਿਆ ਗਿਆ ਹੈ ਕਿ ਉਹ ਯੂਕਰੇਨੀਆਂ ਦੇ ਨਾਲ ਖਲੋਤੇ ਨਜ਼ਰ ਆਉਣ ਤੇ ਇਵੇਂ ਅਮਰੀਕੀਆਂ ਨਾਲ ਵੀ। ਅਮਰੀਕੀਆਂ ਨੇ ਮੋਦੀ ਦੀ ਮਾਸਕੋ ਫੇਰੀ ਪ੍ਰਤੀ ਆਪਣੀ ਨਾਖੁਸ਼ੀ ਵਿੱਚ ਕੋਈ ਲੁਕੋਅ ਨਹੀਂ ਰੱਖਿਆ ਸੀ। ਭਾਵੇਂ ਪਿਛਲੇ ਦੋ ਸਾਲਾਂ ਦੌਰਾਨ ਨਵੀਂ ਦਿੱਲੀ ਵੱਲੋਂ ਰੂਸ ਤੋਂ ਰਿਆਇਤੀ ਤੇਲ ਖਰੀਦਣ ਕਰ ਕੇ ਵਪਾਰ ਵਿੱਚ ਕਾਫ਼ੀ ਇਜ਼ਾਫ਼ਾ ਦਰਸਾਇਆ ਜਾ ਰਿਹਾ ਹੈ ਪਰ ਤੱਥ ਇਹ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਹਾਲੇ ਵੀ ਭਾਰਤ ਅਤੇ ਰੂਸ ਵਿਚਾਲੇ ਹੋਣ ਵਾਲੇ ਵਪਾਰ ਨਾਲੋਂ ਦੁੱਗਣਾ ਹੈ।
ਪੱਛਮ ਵਿੱਚ ਜਿਹੜੇ ਲੋਕੀਂ ਯੂਕਰੇਨ ’ਤੇ ਰੂਸੀ ਹਮਲੇ ਦੀ ਭਾਰਤ ਵੱਲੋਂ ਨਿਖੇਧੀ ਨਾ ਕੀਤੇ ਜਾਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਦੇ ਹਨ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਅਤੇ ਯੱਭਲੀਆਂ ਮਾਰਨ ਦੇ ਦੋਸ਼ ਦਾ ਖ਼ਤਰਾ ਮੁੱਲ ਲੈਂਦਿਆਂ ਆਪਣੇ ਆਪ ਤੋਂ ਵੀ ਪੁੱਛਣਾ ਚਾਹੀਦਾ ਹੈ ਕਿ ਮਿਸਾਲ ਦੇ ਤੌਰ ’ਤੇ ਕੀ ਉਹ ਇਜ਼ਰਾਈਲ ਨੂੰ ਗਾਜ਼ਾ ਵਿੱਚ ਹਸਪਤਾਲਾਂ, ਸਕੂਲਾਂ ਅਤੇ ਯੂਐੱਨ ਅਹਾਤਿਆਂ ’ਤੇ ਬੰਬ ਸੁੱਟਣ ਤੋਂ ਰੋਕਣ ਲਈ ਕੁਝ ਕਰ ਰਹੇ ਹਨ। ਜਾਂ ਫਿਰ ਕੀ ਇਨ੍ਹਾਂ ’ਚੋਂ ਕੋਈ ਵੀ ਪੱਛਮੀ ਦੇਸ਼ ਜੋ ਜ਼ਿਆਦਾਤਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੈਂਬਰ ਹਨ, ਨੇ ਉਦੋਂ ਮਾਮੂਲੀ ਜਿਹੀ ਅਸਹਿਮਤੀ ਪ੍ਰਗਟ ਕੀਤੀ ਸੀ ਜਦੋਂ 2003 ਵਿੱਚ ਅਮਰੀਕਾ ਨੇ ਇਰਾਕ ’ਤੇ ਬੰਬਾਰੀ ਕਰਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਸੱਦਾਮ ਹੁਸੈਨ ਕੋਲ ਜਨ ਤਬਾਹੀ ਦੇ ਹਥਿਆਰ ਹੋਣ ਦੀ ਸੂਚਨਾ ਮਿਲੀ ਸੀ। ਜ਼ਰਾ ਇੱਕ ਸਕਿੰਟ ਲਈ ਰੁਕੋ - ਸੱਦਾਮ ਕੋਲ ਅਜਿਹਾ ਕੋਈ ਹਥਿਆਰ ਨਹੀਂ ਸੀ।
ਮੋਦੀ ਜਦੋਂ ਯੂਕਰੇਨ ਸਨ ਤਾਂ ਐਨ ਉਸੇ ਵਕਤ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਸ਼ਿੰਗਟਨ ਡੀਸੀ ਪਹੁੰਚੇ ਹੋਏ ਸਨ। ਹੋ ਸਕਦਾ ਹੈ ਕਿ ਇਹ ਇਤਫ਼ਾਕ ਹੋਵੇ। ਅਮਰੀਕੀਆਂ ਨਾਲ ਇੱਕ-ਦੋ ਰੱਖਿਆ ਸੌਦੇ ਕਰਨ ਵਿੱਚ ਕੀ ਬੁਰਾਈ ਹੋਵੇਗੀ। ਪਰ ਜੇ ਇਹ ਇਤਫ਼ਾਕ ਨਾ ਹੋਇਆ ਤਾਂ ਇਸ ਦੇ ਦੋ ਹੋਰ ਨਤੀਜੇ ਅਕਸ ਕੀਤੇ ਜਾ ਸਕਦੇ ਹਨ।
ਪਹਿਲਾ ਇਹ ਕਿ ਅਮਰੀਕਾ ਨੂੰ ਕਿਸੇ ਦੀ ਵੀ ਨਾਂਹ-ਨੁੱਕਰ ਪਸੰਦ ਨਹੀਂ ਹੈ, ਫਿਰ ਭਾਵੇਂ ਉਹਦੇ ਵਰਗੇ ਕਿਸੇ ਲੋਕਤੰਤਰੀ ਦੇਸ਼ ਵੱਲੋਂ ਹੀ ਕਿਉਂ ਨਾ ਕੀਤੀ ਗਈ ਹੋਵੇ। ਮੋਦੀ ਨੂੰ ਕੀਵ ਜਾ ਕੇ ਜ਼ੇਲੈਂਸਕੀ ਨੂੰ ਮਿਲਣ ਲਈ ਰਾਜ਼ੀ ਕਰਨ ਵਾਸਤੇ ਦਿੱਲੀ ਅਤੇ ਵਾਸ਼ਿੰਗਟਨ ਅਤੇ ਕਈ ਹੋਰ ਪੱਛਮੀ ਰਾਜਧਾਨੀਆਂ ਵਿੱਚ ਵੀ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਹੋਣਗੀਆਂ। ਤੇ ਦੂਜਾ ਨਤੀਜਾ ਇਹ ਹੈ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਯੂਕਰੇਨ ਮੋਦੀ ਲਈ ਹੁਣ ਤੱਕ ਦੀ ਸਭ ਤੋਂ ਟੇਢੀ ਚੁਣੌਤੀ ਬਣਦਾ ਜਾ ਰਿਹਾ ਹੈ। ਇੱਕ ਵਾਰ ਫਿਰ ਯਾਦ ਰੱਖੋ ਕਿ ਯੂਕਰੇਨ ਮਹਿਜ਼ ਇੱਕ ਬਹਾਨਾ ਹੈ ਸਗੋਂ ਅਮਰੀਕੀਆਂ ਲਈ ਇੱਕ ਹੱਥਠੋਕਾ ਹੀ ਹੈ। ਕੀਵ ਜਾਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਬਿਹਤਰ ਹੁੰਦਾ ਕਿ ਅਸੀਂ ਪੂਤਿਨ ਜਾਂ ਬਾਇਡਨ ਦੀਆਂ ਸੁਣਨ ਦੀ ਬਜਾਇ ਆਪ ਉੱਥੇ ਜਾ ਕੇ ਹਾਲਾਤ ਦਾ ਮੁਆਇਨਾ ਕਰਦੇ। ਜੇ ਪ੍ਰਧਾਨ ਮੰਤਰੀ ਹਥਠੋਕਿਆਂ ਦੀ ਇਸ ਖੇਡ ਨਾਲ ਸਿੱਝਣ ਵਿੱਚ ਕਾਮਯਾਬ ਹੋ ਜਾਂਦੇ ਹਨ ਜਿਵੇਂ ਕਿ ਉਨ੍ਹਾਂ ਦੇ ਕਈ ਪੂਰਬਵਰਤੀ ਪ੍ਰਧਾਨ ਮੰਤਰੀਆਂ ਨੇ ਕੀਤਾ ਸੀ, ਤਾਂ ਉਹ ਦੁਨੀਆ ਅੰਦਰ ਭਾਰਤ ਦੀ ਅਨੂਠੀ ਥਾਂ ਬਣਾਉਣ ਵਿੱਚ ਸਫ਼ਲ ਹੋ ਜਾਣਗੇ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement
Advertisement