ਮੋਗਾ ਵਿਕਾਸ ਮਾਡਲ: ਜਗਰਾਤੇ ’ਚੋਂ ਬਚੇ ਪੈਸਿਆਂ ਨਾਲ ਕਰਵਾਈ ਸੜਕ ਦੀ ਮੁਰੰਮਤ
ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਜਨਵਰੀ
ਇਥੇ ਨਗਰ ਨਿਗਮ ’ਚ ਅੰਦਰੂਨੀ ਸਿਆਸੀ ਖਿੱਚੋਤਾਣ ਕਾਰਨ ਸ਼ਹਿਰ ’ਚ ਟੁੱਟੀਆਂ ਸੜਕਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਲੋਕ ਪਰੇਸ਼ਾਨ ਹਨ। ਸ਼ਹਿਰੀਆਂ ਵੱਲੋਂ ਰਾਮ ਗੰਜ ਮੰਡੀ ਸੜਕ ਦੀ ਮੁਰੰਤਮਤ ਬਾਅਦ ਹੁਣ ਭਾਜਪਾ ਕੌਂਸਲਰ ਨੇ ਜੈ ਮਾਂ ਵੈਸ਼ਨੋ ਕਲੱਬ ਦੇ ਸਹਿਯੋਗ ਨਾਲ ਸੜਕਾਂ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ। ਭਾਜਪਾ ਕੌਂਸਲਰ ਦੇ ਪਤੀ ਵਿੱਕੀ ਸਿਤਾਰਾ ਅਤੇ ਕਲੱਬ ਮੈਂਬਰਾਂ ਵਿਪਨ ਸੂਦ, ਗੋਲਡੀ, ਨਿਤਿਨ ਗੁਪਤਾ, ਸੁਭਮ ਗੁਪਤਾ, ਵਿਕਾਸ ਗੁਪਤਾ, ਰਾਜਨ ਕੁਮਾਰ ਰਾਜੂ, ਵਿਨੋਦ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਅਦਾਕਾਰ ਸੋਨੂ ਸੂਦ ਦੇ ਘਰ ਜਾਣ ਵਾਲੀ ਸੜਕ ਤੇ ਹੋਰ ਸੜਕਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਉਨ੍ਹਾਂ ਮੁਰੰਮਤ ਲਈ ਕਈ ਵਾਰ ਨਗਰ ਨਿਗਮ ਤੱਕ ਪਹੁੰਚ ਕੀਤੀ ਤੇ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਉਨ੍ਹਾਂ ਆਪਣੇ ਬਲਬੂਤੇ ਹੀ ਸੜਕ ਦੀ ਹਾਲਤ ਸੁਧਾਰਨ ਦਾ ਮਨ ਬਣਾਇਆ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਕਰਵਾਏ ਗਏ ਮਹਾਂਮਾਈ ਦੇ ਜਗਰਾਤੇ ’ਚੋਂ ਬਚੀ ਰਾਸ਼ੀ ਨਾਲ ਉਨ੍ਹਾਂ ਸੜਕਾਂ ਦੀ ਮਰੁੰਮਤ ਦਾ ਬੀੜਾ ਚੁੱਕਿਆ ਹੈ।
ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਆਖਿਆ ਕਿ ਕਰੀਬ ਤਿੰਨ ਸਾਲ ਤੋਂ ਸ਼ਹਿਰ ਦੇ ਵਿਕਾਸ ਲਈ ਮਨਜ਼ੂਰੀ ਨਹੀਂ ਦਿੱਤੀ ਗਈ। ਹਾਕਮ ਧਿਰ ਦੇ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਬਾਅਦ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਕਈ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਵੀ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਰੋਕੇ ਹੋਏ ਹਨ ਜਦੋਂਕਿ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਭਲਕੇ ਵਿਕਾਸ ਕਾਰਜਾਂ ਨੂੰ ਪਾਸ ਕਰਨ ਲਈ 13 ਜਨਵਰੀ ਨੂੰ ਵਿੱਤ ਕਮੇਟੀ (ਐੱਫ਼ ਐਂਡ ਸੀਸੀ) ਦੀ ਮੀਟਿੰਗ ਹੋ ਰਹੀ ਹੈ।
ਨਿਗਮ ਦੀ (ਐੱਫ਼ ਐਂਡ ਸੀਸੀ) ਮੀਟਿੰਗ ’ਚ 15 ਕਰੋੜ ਦੇ ਵਿਕਾਸ ਕੰਮਾਂ ਲਈ 25 ਪ੍ਰਸਤਾਵ ਰੱਖੇ ਗਏ ਹਨ। ਹੈਰਾਨ ਕਰਨ ਵਾਲੀ ਕਾਰਵਾਈ ਇਹ ਹੈ ਕਿ ਜਿਨ੍ਹਾਂ ਠੇਕੇਦਾਰਾਂ ਨੇ ਦੂਜੇ ਠੇਕੇਦਾਰਾਂ ਨਾਲੋਂ 30 ਤੋਂ 35 ਫੀਸਦੀ ਘੱਟ ਰੇਟ ’ਤੇ ਟੈਂਡਰ ਭਰੇ ਹਨ ਉਨ੍ਹਾਂ ਠੇਕੇਦਾਰਾਂ ਤੋਂ ਲਿਖਤੀ ਪੁੱਛਿਆ ਗਿਆ ਹੈ ਕਿ ਉਹ ਅਜਿਹੀ ਰਿਆਇਤ ’ਤੇ ਕਿਵੇਂ ਕੰਮ ਕਰਨਗੇ ਜਦਕਿ ਅਜਿਹੇ ਠੇਕੇਦਾਰਾਂ ਦਾ ਆਖਣਾ ਹੈ ਕਿ ਨਿਗਮ ਆਪਣੇ ਚਹੇਤੇ ਠੇਕੇਦਾਰਾਂ ਨੂੰ ਇਹ ਟੈਂਡਰ ਦੇਣਾ ਚਾਹੁੰਦੀ ਹੈ। ਜੇ ਉਨ੍ਹਾਂ ਦੇ ਟੈਂਡਰ ਰੱਦ ਹੁੰਦੇ ਹਨ ਤਾਂ ਉਹ ਹਾਈ ਕੋਰਟ ਦਾ ਰੁਖ਼ ਕਰਨਗੇ ਕਿਉਂਕਿ ਅਜਿਹਾ ਇਤਰਾਜ਼ ਪਹਿਲਾਂ ਕਦੇ ਨਹੀਂ ਉਠਾਇਆ ਗਿਆ। ਹੁਣ ਸਾਰੀਆਂ ਨਜ਼ਰਾਂ ਐਫਐਂਡਸੀਸੀ ਮੈਂਬਰਾਂ ’ਤੇ ਹਨ ਕਿ ਉਹ ਕੀ ਫੈਸਲਾ ਲੈਂਦੇ ਹਨ। ਨਗਰ ਨਿਗਮ ਵੱਲੋਂ ਹਾਲ ਹੀ ਵਿੱਚ 4 ਦਰਜਨ ਬੇਲਦਾਰਾਂ ਦੀ ਭਰਤੀ ਕੀਤੀ ਗਈ ਹੈ ਜੋ ਕਈ ਕੌਂਸਲਰਾਂ ਦੇ ਨੇੜੇ ਧੀ, ਪੁੱਤ ਤੇ ਪਤਨੀਆਂ ਹੋਣ ਕਰ ਕੇ ਉਹ ਦਫ਼ਤਰੀ ਕੰਮ ਕਰ ਰਹੇ ਹਨ। ਹੁਣ ਨਿਗਮ ਨੇ ਪਾਰਕਾਂ ਵਿੱਚ ਮਜ਼ਦੂਰਾਂ ਤੋਂ ਕੰਮ ਕਰਵਾਉਣ ਲਈ 107.98 ਲੱਖ ਰੁਪਏ ਖਰਚ ਕਰਨ ਦੀ ਤਜਵੀਜ਼ ਇਸ ਮੀਟਿੰਗ ਵਿਚ ਰੱਖੀ ਜਾ ਰਹੀ ਹੈ।