ਮੋਗਾ ਨਗਰ ਨਿਗਮ: ਸਾਬਕਾ ਵਿਧਾਇਕ ਵੱਲੋਂ ਵਿਕਾਸ ਕਾਰਜਾਂ ’ਚ ਪੱਖਪਾਤ ਦੇ ਦੋਸ਼
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਜਨਵਰੀ
ਭਾਜਪਾ ਦੇ ਸੂਬਾ ਸਕੱਤਰ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਸ਼ਹਿਰ ’ਚ ਵਿਕਾਸ ਕਾਰਜਾਂ ’ਚ ਪੱਖਪਾਤ ਦੇ ਗੰਭੀਰ ਦੋਸ਼ ਲਾਉਂਦਿਆਂ ਹਾਲ ਹੀ ਵਿੱਚ ਭਰਤੀ ਕੀਤੇ ਗਏ ਬੇਲਦਾਰਾਂ ਦੀਆਂ ਨਿਯੁਕਤੀਆਂ ਉੱਤੇ ਵੀ ਸੁਆਲ ਚੁੱਕੇ ਹਨ।
ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਆਖਿਆ ਕਿ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਗਾ ਸ਼ਹਿਰ ਦੇ ਵਿਕਾਸ ਲਈ ਇੱਕ ਪੈਸੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਜੋ ਵਿਕਾਸ ਦੇ ਕੰਮ ਉਨ੍ਹਾਂ ਵਿਧਾਇਕ ਹੁੰਦਿਆਂ ਪਾਸ ਕਰਵਾਏ ਸਨ, ਉਹੀ ਕੰਮ ਚੱਲ ਰਹੇ ਹਨ। ਉਨ੍ਹਾਂ ਦੇ ਵਿਧਾਇਕ ਕਾਰਜਕਾਲ ਦੌਰਾਨ ਸ਼ਹਿਰ ਦੇ 50 ਵਾਰਡਾਂ ਤੋਂ ਇੱਕ ਵੀ ਵਾਰਡ ਅਜਿਹਾ ਨਹੀਂ ਛੱਡਿਆ ਗਿਆ ਸੀ ਜੋ ਵਿਕਾਸ ਏਜੰਡੇ ਵਿੱਚ ਸ਼ਾਮਲ ਨਾਂ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਹੁਣ ਹਾਕਮ ਧਿਰ ਦੇ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਬਾਅਦ ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਕਈ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਵੀ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਰੋਕ ਦਿੱਤੇ ਹਨ। ਉਨ੍ਹਾਂ ਨਗਰ ਨਿਗਮ ’ਚ ਭ੍ਰਿਸ਼ਟਾਚਾਰੀ ਦੇ ਦੋਸ਼ ਲਾਏ।
ਉਨ੍ਹਾਂ ਨਗਰ ਨਿਗਮ ਵੱਲੋਂ ਹਾਲ ਹੀ ਵਿੱਚ ਭਰਤੀ ਕੀਤੇ ਬੇਲਦਾਰਾਂ ਦੀ ਸੂਚੀ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਵਿਚ 29 ਅਜਿਹੇ ਬੇਲਦਾਰ ਹਨ ਜੋ ਨਿਯਮਾਂ ਨੂੰ ਛਿੱਕੇ ਟੰਗ ਕੇ ਭਰਤੀ ਕੀਤੇ ਹਨ ਅਤੇ ਗਰੀਬਾਂ ਦਾ ਹੱਕ ਮਾਰਿਆ ਗਿਆ ਅਤੇ ਕੌਂਸਲਰਾਂ ਦੇ ਭਰਾ, ਪਤਨੀ, ਧੀਆਂ ਤੇ ਸਕੇ ਸਬੰਧੀਆਂ ਨੂੰ ਬੇਲਦਾਰ ਦੀ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿਉਂਸਿਪਲ ਐਕਟ ਵਿੱਚ ਸ਼ਪਸ਼ਟ ਹੈ ਕਿ ਕਿਸੇ ਵੀ ਕੌਂਸਲਰ ਦੇ ਖੂਨੀ ਰਿਸ਼ਤੇਦਾਰ ਨਗਰ ਨਿਗਮ ’ਚੋਂ ਕਿਸੀ ਵੀ ਤਰ੍ਹਾਂ ਦਾ ਆਰਥਿਕ ਲਾਭ ਨਹੀਂ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਵਿੱਚ ਪੱਖਪਾਤੀ ਰਵੱਈਏ ਕਾਰਨ ਵਿਕਾਸ ਕੰਮ ਰੋਕੇ ਹਨ ਉਨ੍ਹਾਂ ਲਈ ਭਾਜਪਾ ਆਵਾਜ਼ ਬੁਲੰਦ ਕਰੇਗੀ।
ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਵੱਲੋਂ ਵਿਕਾਸ ਕਾਰਜਾਂ ’ਚ ਪੱਖਪਾਤ ਦੇ ਲਾਏ ਦੋਸ਼ਾਂ ਬਾਰੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਨੇ ਆਖਿਆ ਕਿ ਉਨ੍ਹਾਂ ਦੀ ਪਤਨੀ ਬਿਮਾਰ ਹੈ ਪਰ ਉਹ ਜਲਦੀ ਹੀ ਵਿੱਤ ਤੇ ਲੇਖਾ ਕਮੇਟੀ ਦੀ ਮੀਟਿੰਗ ਸੱਦ ਕੇ ਸਾਰਿਆਂ ਦੇ ਕੰਮ ਕਰਵਾਉਣਗੇ। ਉਨ੍ਹਾਂ ਕਿਹਾ ਕਿ ਬੇਲਦਾਰਾਂ ਦੀ ਭਰਤੀ ਨਿਯਮਾਂ ਅਨੁਸਾਰ ਕੀਤੀ ਗਈ ਹੈ।
ਇਥੇ ਮਈ 2021 ਵਿੱਚ ਹੋਈਆਂ ਨਿਗਮ ਚੋਣਾਂ ’ਚ ਕਾਂਗਰਸ ਦੀ ਨੀਤਿਕਾ ਭੱਲਾ ਮੇਅਰ ਬਣੀ ਸੀ। ਹਾਕਮ ਧਿਰ ‘ਆਪ’ ਕੋਲ ਸਿਰਫ ਤਿੰਨ ਕੌਂਸਲਰ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਹਾਕਮ ਧਿਰ ਆਗੂ ਨਿਗਮ ਉੱਤੇ ਕਾਬਜ਼ ਹੋਣ ਲਈ ਕਰੀਬ ਡੇਢ ਸਾਲ ਤੱਕ ਕੌਂਸਲਰਾਂ ਦੀ ਜੋੜ-ਤੋੜ ਦੀ ਰਾਜਨੀਤੀ ’ਚ ਉਲਝੇ ਰਹੇ। ਅਕਾਲੀ-ਕਾਂਗਰਸੀ ਕੌਂਸਲਰਾਂ ਦੀ ਦਲਬਦਲੀ ਕਰਵਾ ਕੇ ਕਾਂਗਰਸੀ ਮੇਅਰ ਨੀਤਿਕਾ ਭੱਲਾ ਨੂੰ ਅਹੁਦੇ ਤੋਂ ਲਾਹ ਦਿੱਤਾ। 21 ਅਗਸਤ 2023 ਨੂੰ ਹਾਕਮ ਧਿਰ ਆਪਣਾ ਬਲਜੀਤ ਸਿੰਘ ਚਾਨੀ ਨੂੰ ‘ਮੇਅਰ’ ਬਣਾਉਣ ਵਿਚ ਸਫ਼ਲ ਹੋ ਗਈ। ਹੁਣ ਕੁਝ ਕੌਂਸਲਰ ਉਨ੍ਹਾਂ ਦੇ ਵਾਰਡਾਂ ਵਿੱਚ ਹਾਕਮ ਧਿਰ ਨਾਲ ਜੁੜੇ ਆਗੂਆਂ ਦੀ ਦਖਲ ਅੰਦਾਜ਼ੀ ਕਾਰਨ ਪ੍ਰੇਸ਼ਾਨ ਹਨ। ਇਸ ਅੰਦਰੂਨੀ ਖਿੱਚੋਤਾਣ ਕਾਰਨ ਕਈ ਕੌਂਸਲਰਾਂ ਨੇ ਉਨ੍ਹਾਂ ਦੇ ਵਾਰਡਾਂ ਵਿਚ ਕੰਮ ਰੋਕਣ ਤੇ ਪੱਖਪਾਤ ਦੇ ਦੋਸ਼ ਹਨ। ਇਸ ਸਿਆਸੀ ਘਮਸਾਣ ਵਿੱਚ ਜਨਤਾ ਪਿਸ ਰਹੀ ਹੈ।