ਮੋਗਾ ’ਚ 70 ਮਾਲੀਆਂ ਦੀਆਂ ਸੇਵਾਵਾਂ ਬਹਾਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਦਸੰਬਰ
ਇਥੇ ਸ਼ਹਿਰ ਹਲਕੇ ਤੋਂ ਹਾਕਮ ਧਿਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਦੀਵਾਲੀ ਮੌਕੇ ਹਟਾਏ ਠੇਕਾ ਅਧਾਰਿਤ 70 ਮਾਲੀਆਂ ਨੂੰ ਨਵੇਂ ਸਾਲ ਦੇ ਤੋਹਫੇ ਵਜੋਂ ਮੁੜ ਨੌਕਰੀ ਮਿਲਣ ਤੋਂ ਉਹ ਬਾਗੋਬਾਗ ਹੋ ਗਏ। ਠੇਕੇ ਅਧਾਰਿਤ ਕਾਮਿਆਂ ਨੇ ਕਿਹਾ ਕਿ ਉਹ ਮਹਿੰਗਾਈ ਵਿੱਚ ਪਿਸ ਕੇ ਰਹਿ ਗਏ ਸਨ। ਉਨ੍ਹਾਂ ਦੇ ਘਰ ਚੁੱਲ੍ਹਾ ਬਲਣ ਤੋਂ ਉਨ੍ਹਾਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਕਾਫ਼ੀ ਅਰਸੇ ਤੋਂ ਠੇਕਾ ਅਧਾਰਿਤ ਕੰਮ ਕਰ ਕਰ ਰਹੇ ਸਨ। ਵਿਧਾਇਕਾ ਡਾ. ਅਰੋੜਾ ਨੇ ਕਿਹਾ ਕਿ ਇਨ੍ਹਾਂ ਕਾਮਿਆਂ ਦਾ ਕਾਰਜਕਾਲ ਪੂਰਾ ਹੋਣ ਉੱਤੇ ਉਨ੍ਹਾਂ ਨੂੰ ਕਰੀਬ 3 ਮਹੀਨੇ ਪਹਿਲਾਂ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਉਨ੍ਹਾਂ ਪਰਿਵਾਰਾਂ ਦੀ ਹਾਲਤ ਜਾਣੀ ਅਤੇ ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਮੁੜ ਨੌਕਰੀ ਉੱਤੇ ਰੱਖਣ ਲਈ ਮਨਜ਼ੂਰੀ ਹਾਸਲ ਕੀਤੀ। ਇਸ ਨਾਲ 70 ਪਰਿਵਾਰਾਂ ਨੂੰ ਨਵੇਂ ਸਾਲ ਦੇ ਤੋਹਫੇ ਵਜੋਂ ਨੌਕਰੀ ਮੁੜ ਦਿੱਤੀ ਗਈ ਹੈ ਜਿਸ ਨਾਲ ਪਰਿਵਾਰਾਂ ਦੇ ਸੈਂਕੜੇ ਮੈਂਬਰਾਂ ਨੂੰ ਲਾਭ ਹੋਇਆ ਹੈ। ਇਸ ਮੌਕੇ ਵਿਧਾਇਕਾ ਨੇ ਕੌਂਸਲਰਾਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਨਵੇਂ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ,ਸਥਾਨਕ ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਸਰਮਾ, ਡਿਪਟੀ ਮੇਅਰ ਅਸੋਕ ਧਮੀਜਾ ਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।