ਮੋਗਾ ’ਚ ਉੱਡਣ-ਦਸਤੇ ਵੱਲੋਂ ਖਾਦ ਡੀਲਰਾਂ ਦੀ ਅਚਨਚੇਤ ਚੈਕਿੰਗ
ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ/ਧਰਮਕੋਟ, 22 ਦਸੰਬਰ
ਇਥੇ ਖੇਤੀਬਾੜੀ ਵਿਭਾਗ ਦੇ ਉੱਡਣ-ਦਸਤੇ ਵੱਲੋਂ ਖਾਦ ਤੇ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਟੀਮ ਵੱਲੋਂ ਬਾਇਓ-ਪੈਸਟੀਸਾਈਡ ਅਤੇ ਬਾਇਓ-ਖਾਦ ਆਦਿ ਖੇਤੀ ਵਸਤਾਂ ਨਮੂਨੇ ਭਰੇ ਗਏ ਅਤੇ ਜਾਂਚ ਲਈ ਪ੍ਰਯੋਗਸ਼ਾਲਾਵਾਂ ’ਚ ਭੇਜੇ ਗਏ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਛਾਪੇ ਦਾ ਮਕਸਦ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਉਡਣ ਦਸਤੇ ਵੱਲੋਂ ਖਾਦ, ਬੀਜ ਤੇ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਡੀਲਰਾਂ ਦੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ। ਟੀਮਾਂ ਵੱਲੋਂ ਵੱਖ-ਵੱਖ ਖਾਦਾਂ ਅਤੇ ਦਵਾਈਆਂ ਦੇ ਸੈਂਪਲ ਭਰੇ ਗਏ। ਵਿਭਾਗ ਵੱਲੋਂ ਅਚਨਚੇਤ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਯੂਰੀਆ ਖਾਦ ਦੀ ਕੋਈ ਕਿੱਲਤ ਨਹੀਂ ਹੈ। ਚੈਕਿੰਗ ਦੌਰਾਨ ਡੀਲਰਾਂ ਦੇ ਸਟਾਕ ਰਜਿਸਟਰਾਂ ਅਤੇ ਲਾਇਸੈਂਸਾਂ ਅਤੇ ਪੀਓਐੱਸ ਮਸ਼ੀਨਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡੀਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਟਾਕ ਰਜਿਸਟਰ ਦਾ ਰਿਕਾਰਡ ਠੀਕ ਰੱਖਿਆ ਜਾਵੇ ਅਤੇ ਕੇਵਲ ਸਰਕਾਰ ਤੋਂ ਮਨਜ਼ੂਰਸ਼ੁਦਾ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀਓਐੱਸ ਮਸ਼ੀਨਾਂ ਦਾ ਰਿਕਾਰਡ ਭੌਤਿਕੀ ਖਾਦ ਦੇ ਰਿਕਾਰਡ ਨਾਲ ਮੇਲ ਖਾਂਦਾ ਹੋਵੇ ਅਤੇ ਕਿਸਾਨਾਂ ਨੂੰ ਵੇਚੀ ਜਾਣ ਵਾਲੀ ਹਰ ਪ੍ਰਕਾਰ ਦੀ ਖਾਦ ਅਤੇ ਦਵਾਈ ਦਾ ਪੱਕਾ ਬਿੱਲ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਸਾਨਾ ਨੂੰ ਬੇਲੋੜੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਤੋਂ ਗੁਰੇਜ਼ ਕਰਨ। ਇਸ ਮੌਕੇ ਡਾ. ਗੁਰਬਾਜ਼ ਸਿੰਘ, ਡਾ. ਖੁਸ਼ਦੀਪ ਸਿੰਘ, ਡਾ. ਗੁਰਲਵਲੀਨ ਸਿੰਘ ਸਿੱਧੂ, ਪ੍ਰਦੀਪ ਸਿੰਘ ਅਤੇ ਗਗਨਦੀਪ ਸਿੰਘ ਆਦਿ ਮੌਜੂਦ ਸਨ।