ਮੈਡੀਕਲ ਵਿਦਿਆਰਥੀਆਂ ਤੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਮੋਮਬੱਤੀ ਮਾਰਚ
ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਅਤੇ ਗੌਰਮਿੰਟ ਮੈਡੀਕਲ ਕਾਲਜ ਦੇ ਵਜ਼ੀਫਾ ਪ੍ਰਾਪਤ ਮੈਡੀਕਲ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਓਣ ਲਈ ਇਥੇ ਮੋਮਬੱਤੀ ਮਾਰਚ ਕੀਤਾ ਗਿਆ। ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਫਰੰਟ ਲਾਈਨ ’ਤੇ ਰਹਿ ਕੇ ਕੰਮ ਕਰਨ ਦੇ ਬਾਵਜੂਦ ਹਕੂਮਤ ਵੱਲੋਂ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਨਜ਼ਰ ਅੰਦਾਜ ਕਰਨ ਦੇ ਇਲਜਾਮ ਲਾਉਂਦਿਆਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਉਹ ਇਸੇ ਤਰ੍ਹਾਂ ਇਕਜੁੱਟਤਾ ਨਾਲ ਸੰਘਰਸ਼ ਕਰਦੇ ਰਹਿਣਗੇ।
ਉਨ੍ਹਾ ਵਜ਼ੀਫ਼ੇ ਵਿੱਚ ਵਾਧੇ, ਸਮੇਂ ਸਿਰ ਫੀਸ ਸੋਧ, ਫਾਈਲ ਡਿਊਟੀਆਂ ਨੂੰ ਖਤਮ ਕਰਨ ਅਤੇ ਹਸਪਤਾਲ ਦੇ ਐੱਸਓਪੀਜ਼ ਨੂੰ ਸਹੀ ਢੰਗ ਨਾਲ ਲਾਗੂ ਕਰਨ ਸਮੇਤ ਹੋਰ ਮੰਗਾਂ ਵੀ ਗਿਣਾਈਆਂ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਉਹ ਸਿਰਫ਼ ਡਾਕਟਰ ਹੀ ਨਹੀਂ, ਸਗੋਂ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹਨ ਅਤੇ ਆਪਣੇ ਮਾਣ ਸਨਮਾਨ, ਹਸਪਤਾਲਾਂ ਵਿਚ ਬੁਨਿਆਦੀ ਢਾਂਚੇ ਅਤੇ ਆਪਣੇ ਪ੍ਰਤੀ ਸਰਕਾਰਾਂ ਦੀ ਨਿਰਪੱਖਤਾ ਆਧਾਰਿਤ ਸੋਚ ਦੀ ਮੰਗ ਕਰਦੇ ਹਨ। ।