ਮੈਡੀਕਲ ਕਾਲਜ ਕੰਪਲੈਕਸ ’ਚ ਮਲਬੇ ਅੰਦਰ ਦਿਖੀਆਂ ਝੁਲਸੀਆਂ ਲਾਸ਼ਾਂ
ਅਹਿਮਦਾਬਾਦ, 12 ਜੂਨ
ਅਹਿਮਦਾਬਾਦ ਹਵਾਈ ਅੱਡੇ ਤੋਂ ਅੱਜ ਦੁਪਹਿਰ ਸਮੇਂ ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ‘ਬੋਇੰਗ 787 ਡਰੀਮਲਾਈਨਰ’ ਜਹਾਜ਼ (ਏਆਈ171) ਦਾ ਮਲਬਾ ਬੀਜੇ ਮੈਡੀਕਲ ਕਾਲਜ ਕੰਪਲੈਕਸ ਵਿੱਚ ਡਾਕਟਰਾਂ ਦੇ ਹੋਸਟਲ ਅਤੇ ਰਿਹਾਇਸ਼ੀ ਕੁਆਰਟਰਾਂ ਦੇ ਆਸ-ਪਾਸ ਖਿੱਲਰਿਆ ਹੋਇਆ ਹੈ।
ਗੁਜਰਾਤ ਦੇ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਹਾਦਸਿਆਂ ’ਚੋਂ ਇਕ ਇਸ ਜਹਾਜ਼ ਹਾਦਸੇ ਤੋਂ ਬਾਅਦ ਵਾਇਰਲ ਹੋਏ ਵੀਡੀਓ ਵਿੱਚ ਮਲਬੇ ’ਚ ਝੁਲਸੀਆਂ ਹੋਈਆਂ ਲਾਸ਼ਾਂ ਵੀ ਦਿਖ ਰਹੀਆਂ ਹਨ।
ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ 242 ਯਾਤਰੀਆਂ ਨੂੰ ਲੈ ਕੇ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਾਲੀ ਥਾਂ ਦੇ ਆਸ-ਪਾਸ ਦਾ ਇਲਾਕਾ ਸੰਘਣੀ ਆਬਾਦੀ ਵਾਲਾ ਹੈ। ਪੂਰੇ ਘਟਨਾ ਸਥਾਨ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਬਚੇ ਹੋਏ ਲੋਕਾਂ ਦੀ ਜਾਨ ਬਚਾਉਣ ਅਤੇ ਲਾਸ਼ਾਂ ਕੱਢਣ ਦਾ ਕੰਮ ਜਾਰੀ ਹੈ। ਜਹਾਜ਼ ਨੇ ਬਾਅਦ ਦੁਪਹਿਰ 1.39 ਵਜੇ ਉਡਾਣ ਭਰੀ ਅਤੇ ਇਸ ਤੋਂ ਤੁਰੰਤ ਬਾਅਦ ਇਹ ਬੀਜੇ ਮੈਡੀਕਲ ਕਾਲਜ ਤੇ ਸਦਰ ਹਸਪਤਾਲ ਦੇ ਡਾਕਟਰਾਂ ਤੇ ਮੁਲਾਜ਼ਮਾਂ ਦੇ ਹੋਸਟਲ ਅਤੇ ਰਿਹਾਇਸ਼ੀ ਕੁਆਰਟਰਾਂ ਦੇ ਉੱਪਰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਾ ਇਕ ਹਿੱਸਾ ਪੰਜ ਮੰਜ਼ਿਲਾ ਇਮਾਰਤ ਤੋਂ ਬਾਹਰ ਨਿਕਲਿਆ ਹੋਇਆ ਸੀ।
ਪ੍ਰਤੱਖਦਰਸੀ ਹਰੇਸ਼ ਸ਼ਾਹ ਨੇ ਦੱਸਿਆ, ‘‘ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਕਾਫੀ ਤੇਜ਼ੀ ਨਾਲ ਹੇਠਾਂ ਆ ਰਿਹਾ ਸੀ।’’ ਉਨ੍ਹਾਂ ਕਿਹਾ, ‘‘ਇਮਾਰਤ ਨਾਲ ਟਕਰਾਉਣ ’ਤੇ ਧਮਾਕੇ ਵਰਗੀ ਆਵਾਜ਼ ਆਈ ਅਤੇ ਜਹਾਜ਼ ਤੇ ਇਮਾਰਤ ’ਚ ਅੱਗ ਲੱਗ ਗਈ।’’ ਘਟਨਾ ਸਥਾਨ ’ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਸਥਾਨਕ ਲੋਕਾਂ ਨੇ ਯਾਤਰੀਆਂ ਦੇ ਨਾਲ-ਨਾਲ ਇਮਾਰਤ ਵਿੱਚ ਮੌਜਦੂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਵੱਲੋਂ ਮੋਬਾਈਲ ਫੋਨ ਰਾਹੀਂ ਸ਼ੂਟ ਕੀਤੇ ਗਏ ਸ਼ੁਰੂਆਤੀ ਫੁਟੇਜ ਵਿੱਚ ਮਲਬੇ ਵਿੱਚ ਝੁਲਸੀਆਂ ਹੋਈਆਂ ਲਾਸ਼ਾਂ ਦਿਖ ਰਹੀਆਂ ਹਨ। ਇਕ ਹੋਰ ਪ੍ਰਤੱਖਦਰਸੀ ਨੇ ਦੱਸਿਆ, ‘‘ਜਹਾਜ਼ ਹੋਸਟਲ ਦੇ ਡਾਈਨਿੰਗ ਹਾਲ (ਖਾਣਾ ਖਾਣ ਵਾਲੀ ਜਗ੍ਹਾ) ਨਾਲ ਟਕਰਾਇਆ, ਜਿੱਥੇ ਲੋਕ ਮੌਜੂਦ ਸਨ। ਉਨ੍ਹਾਂ ’ਚੋਂ ਕਈ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।’’ -ਪੀਟੀਆਈ
ਬਚਾਅ ਮੁਹਿੰਮ ਜਾਰੀ: ਪੁਲੀਸ ਕਮਿਸ਼ਨਰ
ਅਹਿਮਦਾਬਾਦ ਸ਼ਹਿਰ ਦੇ ਪੁਲੀਸ ਕਮਿਸ਼ਨਰ ਜੀਐੱਸ ਮਲਿਕ ਨੇ ਦੱਸਿਆ ਕਿ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਬਚਾਅ ਕਰਮੀ ਜਿਊਂਦੇ ਬਚੇ ਹੋਏ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਬਚਾਅ ਮੁਹਿੰਮ ਵਿੱਚ ਫੌਜ, ਬੀਐੱਸਐੱਫ, ਸਥਾਨਕ ਪੁਲੀਸ ਅਤੇ ਸੂਬਾਈ ਰਿਜ਼ਰਵ ਪੁਲੀਸ ਬਲ ਸ਼ਾਮਲ ਹਨ। ਹਸਪਤਾਲ ਤੇ ਕਾਲਜ ਕੰਪਲੈਕਸ ਵਿੱਚ ਖੜ੍ਹੀਆਂ ਕਈ ਕਾਰਾਂ ਅਤੇ ਹੋਰ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ ਹਨ।