ਮੈਡੀਕਲ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਮੈਡੀਕਲ ਅਫ਼ਸਰ (ਜਨਰਲ) ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਭਰਤੀ 1000 ਮੈਡੀਕਲ ਅਫ਼ਸਰਾਂ ਲਈ ਸੀ ਜਦੋਂਕਿ ਪ੍ਰੀਖਿਆ 3,754 ਉਮੀਦਵਾਰਾਂ ਨੇ ਪਾਸ ਕੀਤੀ ਹੈ।
ਯੂਨੀਵਰਸਿਟੀ ਦੇ ਰਜਿਸਟਰਾਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਇਹ ਭਰਤੀ ਮੁਹਿੰਮ 22 ਅਪਰੈਲ ਨੂੰ ਜਾਰੀ ਇਸ਼ਤਿਹਾਰ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ, ਜਿਸ ਦੀ ਲਿਖਤੀ ਪ੍ਰੀਖਿਆ 3 ਜੂਨ ਨੂੰ ਪੰਜਾਬ ਦੇ 16 ਕੇਂਦਰਾਂ ਵਿੱਚ ਹੋਈ ਸੀ।
ਇਸ ਪ੍ਰੀਖਿਆ ਵਿੱਚ ਲਗਪਗ 3802 ਉਮੀਦਵਾਰ ਹਾਜ਼ਰ ਹੋਏ, ਜਦਕਿ 547 ਗੈਰਹਾਜ਼ਰ ਰਹੇ। ਪੰਜਾਬ ਸਿਹਤ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ 33 ਫ਼ੀਸਦ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਪਾਸ ਐਲਾਨੇ ਗਏ ਜਿਸ ਮੁਤਾਬਿਕ ਕੁੱਲ 3754 ਉਮੀਦਵਾਰ ਪ੍ਰੀਖਿਆ ਵਿੱਚ ਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਇਹ ਨਤੀਜਾ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਉਪਲੱਬਧ ਹੈ।