ਮੈਗਾ ਪੀਟੀਐਮ: ਕਟਾਰੂਚੱਕ ਨੇ ਮਾਪਿਆਂ ਅਤੇ ਬੱਚਿਆਂ ਤੋਂ ਲਈ ਫੀਡਬੈਕ
ਪੱਤਰ ਪ੍ਰੇਰਕ
ਪਠਾਨਕੋਟ, 31 ਮਈ
ਮਲਿਕਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਮੈਗਾ ਪੀਟੀਐਮ ਕੀਤੀ ਗਈ। ਇਸ ਮੌਕੇ ਕੀਤੇ ਗਏ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਰਾਜੇਸ਼ ਸ਼ਰਮਾ, ਡਿਪਟੀ ਡੀਈਓ ਸੈਕੰਡਰੀ ਅਮਨਦੀਪ ਕੁਮਾਰ, ਡਿਪਟੀ ਡੀਈਓ ਐਲੀਮੈਂਟਰੀ ਡੀਜੀ ਸਿੰਘ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਨਰੇਸ਼ ਕੁਮਾਰ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਤੇ ਖੁਸ਼ਬੀਰ ਕਾਟਲ, ਕੌਂਸਲਰ ਰੀਤਿਕਾ, ਪ੍ਰਿੰਸੀਪਲ ਜੋਤੀ ਪਰਾਸ਼ਰ ਅਤੇ ਹੋਰ ਆਗੂ ਹਾਜ਼ਰ ਸਨ। ਮੰਤਰੀ ਨੇ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਅੰਦਰ ਕਰਵਾਈ ਜਾ ਰਹੀ ਪੜ੍ਹਾਈ ਬਾਰੇ ਫੀਡਬੈਕ ਵੀ ਲਈ। ਉਨ੍ਹਾਂ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਸਕੂਲ ਅੰਦਰ ਬਣਾਈ ਗਈ ਫਿਜ਼ਿਕਸ, ਬਾਇਓ ਅਤੇ ਕਮਿਸਟਰੀ ਲੈਬ ਦਾ ਉਦਘਾਟਨ ਕੀਤਾ। ਜਦਕਿ ਵਾਤਾਵਰਨ ਨੂੰ ਬਣਾਈ ਰੱਖਣ ਲਈ ਮੁੱਖ ਮਹਿਮਾਨ ਵੱਲੋਂ ਸਕੂਲ ਅੰਦਰ ਇੱਕ ਪੌਦਾ ਵੀ ਲਗਾਇਆ ਗਿਆ।
ਸ੍ਰੀ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਗਏ ਹਨ ਜਿਸ ਕਾਰਨ ਸਰਕਾਰੀ ਸਕੂਲ ਪ੍ਰਗਤੀ ਦੀ ਰਾਹ ’ਤੇ ਹਨ। ਅੱਜ ਸਰਕਾਰੀ ਸਕੂਲਾਂ ਅੰਦਰ ਜਿੱਥੇ ਤਜਰਬੇਕਾਰ ਅਧਿਆਪਕ ਹਨ ਉਥੇ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਅੰਦਰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਵਾਇਆ ਜਾਵੇ। ਅੰਤ ਵਿੱਚ ਉਨ੍ਹਾਂ ਸਿੱਖਿਆ ਦੇ ਖੇਤਰ ਅੰਦਰ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।