ਮੈਂ ਪੱਗ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਮੈੱਟ ਗਾਲਾ ਲਿਆਇਆ: ਦਿਲਜੀਤ
ਨਵੀਂ ਦਿੱਲੀ, 6 ਮਈ
ਮੈੱਟ ਗਾਲਾ-2025 ਵਿੱਚ ਪਹਿਲੀ ਵਾਰ ਸ਼ਾਮਲ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਸੂਬੇ ਪੰਜਾਬ ਅਤੇ ਸਿੱਖ ਧਰਮ ਲਈ ਸਤਿਕਾਰ ਦਾ ਪ੍ਰਗਟਾਵਾ ਕੀਤਾ। ਉਹ ਇਸ ਸਮਾਗਮ ਦੌਰਾਨ ਸਫ਼ੈਦ ਪੋਸ਼ਾਕ ਅਤੇ ਕਿਰਪਾਨ ਨਾਲ ਪੁੱਜਿਆ ਸੀ। ਉਸ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਪਹਿਰਾਵੇ ਵਰਗੇ ਤਿਆਰ ਕੀਤੇ ਕੱਪੜੇ ਪਾਏ ਹੋਏ ਸਨ। ਉਸ ਨੇ ਹੱਥ ਵਿੱਚ ਕਿਰਪਾਨ, ਪੱਗ ਅਤੇ ਗਲ ’ਚ ਵਿਸ਼ੇਸ਼ ਤਰ੍ਹਾਂ ਦਾ ਹਾਰ ਸੀ। ਦਿਲਜੀਤ ਦੇ ਗੀਤ ਜਿਵੇਂ ‘5 ਤਾਰਾ’ ਅਤੇ ‘ਲਵਰ’ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸਮਾਗਮ ਦੌਰਾਨ ਉਸ ਨੇ ਅਮਰੀਕੀ-ਨੇਪਾਲੀ ਡਿਜ਼ਾਈਨਰ ਪ੍ਰਬਲ ਗੁਰੁੰਗ ਵੱਲੋਂ ਤਿਆਰ ਕੀਤਾ ਚਾਦਰਾ ਵੀ ਬੰਨ੍ਹਿਆ ਹੋਇਆ ਸੀ।
ਮੈੱਟ ਗਾਲਾ-2025 ਵਿੱਚ ਪਹੁੰਚੇ ਦਿਲਜੀਤ ਨੇ ਪੱਗ ਉੱਪਰ ਕਲਗੀ ਵੀ ਲਾਈ ਹੋਈ ਸੀ। ਉਸ ਦੇ ਹੱਥ ਵਿੱਚ ਫੜੀ ਕਿਰਪਾਨ ਉੱਪਰ ਸ਼ੇਰ ਦਾ ਸਿਰ ਅਤੇ ਰਤਨ ਲੱਗੇ ਹੋਏ ਸਨ। ਉਸ ਦੇ ਕੱਪੜਿਆਂ ਉੱਪਰ ਕਢਾਈ ਕਰ ਕੇ ਗੁਰਮੁਖੀ ਲਿੱਪੀ (35 ਅੱਖਰੀ) ਲਿਖੀ ਹੋਈ ਸੀ। ਗਾਇਕ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ‘ਚਮਕੀਲਾ’ ਦੇ ਗੀਤ ਦੀਆਂ ਲਾਈਨਾਂ ‘ਮੈਂ ਹੂੰ ਪੰਜਾਬ’ ਲਿਖ ਕੇ ਨਾਲ ਹੈਸ਼ਟੈਗ ਮੈੱਟ ਗਾਲਾ ਪਾਇਆ ਸੀ। ਗਾਇਕ ਦਿਲਜੀਤ ਪੰਜਾਬ ਦੇ ਪਿੰਡ ਦੋਸਾਂਝ ਤੋਂ ਹੈ। ਉਸ ਨੇ ਕਿਹਾ ਕਿ ਉਹ ਬਲੈਕ ਡਾਂਡੀਇਜ਼ਮ ਦੇ ਥੀਮ ਤੋਂ ਪ੍ਰਭਾਵਿਤ ਹੋ ਕੇ ਮੈੱਟ ਗਾਲਾ ’ਚ ਆਪਣਾ ਸੱਭਿਆਚਾਰ ਅਤੇ ਆਪਣੀ ਮਾਂ-ਬੋਲੀ ਨੂੰ ਲੈ ਕੇ ਆਇਆ ਹੈ। ਉਸ ਦੀ ਟੀਮ ਨੇ ਗਾਇਕ ਦੇ ਇੰਸਟਾਗ੍ਰਾਮ ਖਾਤੇ ’ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀਆਂ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। -ਪੀਟੀਆਈ