ਮੇਹੁਲ ਚੋਕਸੀ ਵੱਲੋਂ ਭਾਰਤ ਖ਼ਿਲਾਫ਼ ਲੰਡਨ ਦੀ ਅਦਾਲਤ ’ਚ ਮੁਕੱਦਮਾ
ਲੰਡਨ: ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਧੋਖਾਧੜੀ ਮਾਮਲੇ ਵਿੱਚ ਭਾਰਤ ’ਚ ਲੋੜੀਂਦੇ ਕਾਰੋਬਾਰੀ ਮੇਹੁਲ ਚੋਕਸੀ ਨੇ ਲੰਡਨ ਦੀ ਹਾਈ ਕੋਰਟ ਵਿੱਚ ਭਾਰਤ ਸਰਕਾਰ ਅਤੇ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਾਇਰ ਕਰਦਿਆਂ ‘ਅਗਵਾ’ ਅਤੇ ‘ਤਸ਼ੱਦਦ’ ਢਾਹੁਣ ਦਾ ਦੋਸ਼ ਲਾਇਆ ਹੈ। ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ‘ਵਿਸ਼ੇਸ਼ ਛੋਟ’ ਦੇ ਆਧਾਰ ’ਤੇ ਬਰਤਾਨੀਆ ਦੇ ਅਧਿਕਾਰ ਖੇਤਰ ਉੱਤੇ ਇਤਰਾਜ਼ ਜਤਾਇਆ ਹੈ। ਨਾਲ ਹੀ ਉਨ੍ਹਾਂ ਨੇ ਭਾਰਤੀ ਕਾਨੂੰਨ ਅਤੇ ਭਾਰਤੀ ਸੰਵਿਧਾਨ ਨਾਲ ਸਬੰਧਤ ਵਿਸ਼ੇਸ਼ ਸਬੂਤਾਂ ਨੂੰ ਧਿਆਨ ਵਿੱਚ ਰੱਖਣ ਦੀ ਵੀ ਇਜਾਜ਼ਤ ਮੰਗੀ ਹੈ। ਜਸਟਿਸ ਫਰੀਡਮੈਨ ਸਾਹਮਣੇ ਮਾਮਲੇ ਦੀ ਸ਼ੁਰੂਆਤੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਚੋਕਸੀ ਦਾ ਦਾਅਵਾ ਹੈ ਕਿ ਮਈ 2021 ਵਿੱਚ ਭਾਰਤ ਸਰਕਾਰ ਦੇ ਨਿਰਦੇਸ਼ਾਂ ’ਤੇ ਅਗਵਾ ਦੀ ਕੋਸ਼ਿਸ਼ ਤਹਿਤ ਉਸ ’ਤੇ ਤਸ਼ੱਦਦ ਕੀਤਾ ਗਿਆ ਸੀ। ਵਕੀਲ ਹਰੀਸ਼ ਸਾਲਵੇ ਨੇ ਭਾਰਤ ਵੱਲੋਂ ਦਲੀਲ ਦਿੱਤੀ ਕਿ ਚੋਕਸੀ ਦੇ ਇਨ੍ਹਾਂ ਦੋਸ਼ਾਂ ਦਾ ਮੰਤਵ ਹਵਾਲਗੀ ਤੋਂ ਬਚਣ ਦੇ ਯਤਨਾਂ ਤਹਿਤ ਦਬਾਅ ਬਣਾਉਣਾ ਹੈ। ਚੋਕਸੀ ਇਸ ਸਮੇਂ ਬੈਲਜੀਅਮ ਵਿੱਚ ਹਿਰਾਸਤ ਵਿੱਚ ਹੈ। ਉਹ ਭਾਰਤ ਨੂੰ ਆਪਣੀ ਹਵਾਲਗੀ ਖ਼ਿਲਾਫ਼ ਲੜਾਈ ਲੜ ਰਿਹਾ ਹੈ। ਚੋਕਸੀ ਦਾ ਭਾਣਜਾ ਨੀਰਵ ਮੋਦੀ ਵੀ ਭਾਰਤ ਵਿੱਚ ਲੋੜੀਂਦਾ ਹੈ। ਉਹ ਲੰਡਨ ਦੀ ਜੇਲ੍ਹ ’ਚ ਬੰਦ ਹੈ। -ਪੀਟੀਆਈ