ਮੇਲਾ ਮਾਘੀ: ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ’ਚ ਲੱਖਾਂ ਲੋਕਾਂ ਨੇ ਕੀਤਾ ਇਸ਼ਨਾਨ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਮਾਘੀ ਮੇਲੇ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਨ ਬਾਅਦ ਗੁਰੂ ਗੋਬਿੰਦ ਸਿੰਘ ਅਤੇ ਖਿਦਰਾਣੇ ਦੀ ਢਾਬ ਦੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ’ਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤ ਪੁੱਜੀ। ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਢਾਡੀ ਦਰਬਾਰ ਲਾਇਆ ਗਿਆ, ਜਿਥੇ ਸਾਰੀ ਰਾਤ ਢਾਡੀਆਂ ਨੇ ਸ਼ਹੀਦ ਸਿੰਘਾਂ ਦੀਆਂ ਵਾਰਾਂ ਦਾ ਗਾਇਨ ਕੀਤਾ। ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਉਪਰ ਗੁਰਦੁਆਰੇ ਤੋਂ ਕਰੀਬ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਵਾਹਨ ਰੋਕ ਲਏ ਸਨ, ਜਿਸ ਕਰਕੇ ਸ਼ਰਧਾਲੂਆਂ ਨੂੰ ਤੁਰ ਕੇ ਆਉਣ ਵਿੱਚ ਭਾਰੀ ਦਿੱਕਤ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਬਾਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਅਰਾਮ ਵਾਸਤੇ ਸਰੋਵਰ ਦੇ ਚਹੁੰ ਪਾਸੀਂ ਬਣੀ ਪਰਿਕਰਮਾ ਵਿੱਚ ਮੈਟ ਵਿਛਾ ਕੇ ਉਪਰ ਗੱਦੇ ਤੇ ਰਜਾਈਆਂ ਰੱਖੀਆਂ ਹੋਈਆਂ ਸਨ। ਸਰਾਂ ਦੇ ਕਮਰਿਆਂ ਅਤੇ ਹਾਲ ਕਮਰਿਆਂ ’ਚ ਵੀ ਸੰਗਤ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ। ਦਰਬਾਰ ਸਾਹਿਬ ਦੇ ਕਿਵਾੜ ਵੀ ਸਾਰੀ ਰਾਤ ਖੁੱਲ੍ਹੇ ਰੱਖੇ ਗਏ, ਜਿਸ ਕਰਕੇ ਧੱਕਾ ਮੁੱਕੀ ਤੋਂ ਬਚਾਅ ਰਿਹਾ। ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਵਾਸਤੇ ਆਫਤ ਬਚਾਓ ਦਸਤੇ ਦੇ ਕਰੀਬ ਦੋ ਦਰਜਨ ਗੋਤਾਖੋਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਦਰਬਾਰ ਸਾਹਿਬ ਕੰਪਲੈਕਸ ’ਚ ਦਰਜਨਾਂ ਕਰਮਚਾਰੀ ਵੀ ਚੌਕਸੀ ਉਪਰ ਲਗਾਏ ਗਏ। ਪ੍ਰਸ਼ਾਦ ਵਾਸਤੇ ਕਰੀਬ ਤਿੰਨ ਦਰਜਨ ਕਰਮਚਾਰੀ ਦੂਸਰੇ ਗੁਰਦੁਆਰਿਆਂ ਤੋਂ ਸੱਦੇ ਗਏ ਸਨ। ਉਨ੍ਹਾਂ ਦੱਸਿਆ ਕਿ ਭਲਕੇ ਨਾਕਾ ਨੰਬਰ ਛੇ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜਿਹੜਾ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪੁੱਜੇਗਾ। ਇਸ ਦੌਰਾਨ ਨਿਹੰਗ ਸਿੰਘ ਹੋਲਾ ਮਹੱਲਾ ਕੱਢਣਗੇੇ।
ਇਸ ਦੌਰਾਨ ਸ਼ਰਧਾਲੂਆਂ ਨੇ ਟਿੱਬੀ ਸਾਹਿਬ ਕੰਪਲੈਕਸ ਵਿਖੇ ਗੁਰਦਆਰਾ ਟਿੱਬੀ ਸਾਹਿਬ, ਰਕਾਬਗੰਜ ਸਾਹਿਬ, ਦਾਤਣ ਸਾਹਿਬ ਦੇ ਵੀ ਦਰਸ਼ਨ ਕੀਤੇ। ਨਿਹੰਗ ਸਿੰਘਾਂ ਵੱਲੋਂ ਛਾਉਣੀਆਂ ਵਿੱਚ ਦਸਮ ਗ੍ਰੰਥ ਦੇ ਪਾਠ ਦੇ ਭੋਗ ਪਾਏ ਗਏ।
ਸਪੀਕਰ ਤੇ ਕੈਬਨਿਟ ਮੰਤਰੀਆਂ ਨੇ ਮੱਥਾ ਟੇਕਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ‘ਆਪ’ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਣੇ ਹੋਰ ਕਈ ਆਗੂ ਚਾਲੀ ਮੁਕਤਿਆਂ ਨੂੰ ਨਤਮਸਤਕ ਹੋਣ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਆਏ। ਇਸ ਮੌਕੇ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੰਜਾਬ ਤੇ ਪੰਜਾਬੀਆਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਇਸ ਮੌਕੇ ਉਨ੍ਹਾਂ ਕੀਰਤਨ ਵੀ ਸਰਵਣ ਕੀਤਾ।
ਜ਼ਿਆਦਾ ਦੂਰ
ਬਣੇ ਆਰਜ਼ੀ ਬੱਸ ਅੱਡਿਆਂ ਕਾਰਨ ਸੰਗਤ ਪ੍ਰੇਸ਼ਾਨ
ਸ਼ਹਿਰ ਦੀਆਂ ਸਾਰੀਆਂ ਸੜਕਾਂ ਉਪਰ ਸ਼ਹਿਰੋਂ ਤਿੰਨ ਤੋਂ ਚਾਰ ਕਿਲੋਮੀਟਰ ਦੂਰ ਆਰਜ਼ੀ ਬੱਸ ਅੱਡੇ ਬਣਾਏ ਗਏ, ਜਿਸ ਕਰਕੇ ਲੋਕਾਂ ਨੂੰ ਤੁਰ ਕੇ ਦਰਬਾਰ ਸਾਹਿਬ ਤੱਕ ਪੁੱਜਣਾ ਪਿਆ। ਇਸ ਮੌਕੇ ਬੱਚਿਆਂ ਅਤੇ ਔਰਤਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਪ੍ਰਸ਼ਾਸਨ ਵੱਲੋਂ ਕੁੱਝ ਵੈਨਾਂ ਸ਼ਰਧਾਲੂਆਂ ਨੂੰ ਲਿਆਉਣ ਤੇ ਲਿਜਾਣ ਵਾਸਤੇ ਲਾਈਆਂ ਗਈਆਂ ਸਨ ਤੇ ਆਟੋ ਰਿਕਸ਼ਾ ਵੀ ਲੱਗੇ ਹੋਏ ਸਨ ਪਰ ਇਹ ਬਹੁਤ ਘੱਟ ਗਿਣਤੀ ਵਿਚ ਸਨ। ਸ਼ਰਧਾਲੂਆਂ ਦੀ ਮੰਗ ਹੈ ਕਿ ਨਿੱਜੀ ਵਾਹਨ ਦੀ ਪਾਰਕਿੰਗ ਸ਼ਹਿਰ ਵਿੱਚ ਗੁਰਦੁਆਰੇ ਦੇ ਨੇੜੇ ਬਣਾਈ ਜਾਵੇ।