ਮੇਅਰ ਵੱਲੋਂ 95.6 ਫ਼ੀਸਦ ਅੰਕ ਲੈਣ ਵਾਲੀ ਤੇਜ਼ਾਬ ਹਮਲਾ ਪੀੜਤ ਦਾ ਸਨਮਾਨ
ਪੱਤਰ ਪ੍ਰੇਰਕ
ਚੰਡੀਗੜ੍ਹ, 15 ਮਈ
ਨਗਰ ਨਿਗਮ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅੱਜ ਸੀਬੀਐੱਸਈ 12ਵੀਂ ਵਿੱਚ 95.6 ਫੀਸਦ ਅੰਕ ਪ੍ਰਾਪਤ ਕਰਨ ਵਾਲੀ ਤੇਜ਼ਾਬੀ ਹਮਲੇ ਦੀ ਪੀੜਤਾ ਕੈਫੀ ਦਾ ਸਨਮਾਨ ਕੀਤਾ। ਮੇਅਰ ਨੇ ਇਸ ਬਹਾਦਰ ਲੜਕੀ ਨੂੰ ਭਵਿੱਖ ਵਿੱਚ ਹਰ ਸੰਭਵ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਪੜ੍ਹਾਈ ਵਿੱਚ ਹੁਸ਼ਿਆਰ ਇਸ ਲੜਕੀ ਦੀ ਸ਼ਲਾਘਾ ਕਰਦੇ ਹੋਏ ਮੇਅਰ ਨੇ ਕਿਹਾ ਕਿ 3 ਸਾਲ ਦੀ ਉਮਰ ਵਿੱਚ ਤੇਜ਼ਾਬੀ ਹਮਲੇ ਵਿੱਚ ਆਪਣੀ ਨਜ਼ਰ ਗੁਆਉਣ ਦੇ ਬਾਵਜੂਦ ਕੈਫੀ ਨੇ ਸੀ.ਬੀ.ਐੱਸ.ਈ. 12ਵੀਂ ਜਮਾਤ ਵਿੱਚ 95.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਚੰਡੀਗੜ੍ਹ ਦੇ ਨੇਤਰਹੀਣ ਸਕੂਲ ਵਿੱਚ ਟਾਪ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 26 ਦੇ ਬਲਾਇੰਡ ਸਕੂਲ ਦੀ 17 ਸਾਲਾ ਵਿਦਿਆਰਥਣ ਨੇ 95.6 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਟਾਪਰ ਬਣ ਕੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ। ਉਸ ਦਾ ਸਫ਼ਰ ਕਿਸੇ ਪ੍ਰੇਰਨਾਦਾਇਕ ਤੋਂ ਘੱਟ ਨਹੀਂ ਹੈ। ਕੈਫੀ ਦੇ ਪਿਤਾ ਜੋ ਚੰਡੀਗੜ੍ਹ ਦੇ ਮਿਨੀ ਸਕੱਤਰੇਤ ਵਿੱਚ ਚੌਥਾ ਦਰਜਾ ਕਰਮਚਾਰੀ ਵਜੋਂ ਕੰਮ ਕਰਦੇ ਪਿਤਾ ਨੇ ਦੱਸਿਆ ਕਿ ਉਸਨੇ ਆਪਣੀ ਬੇਟੀ ਨੂੰ ਹਿੰਮਤ ਅਤੇ ਤਾਕਤ ਨਾਲ ਹਰ ਰੁਕਾਵਟ ਨੂੰ ਪਾਰ ਕਰਦੇ ਦੇਖਿਆ ਹੈ। ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਕੈਂਪਸ ਸਥਿਤ ਅੰਕੁਰ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਦਿਵਜੋਤ ਬਰਾੜ ਨੇ ਸੀ.ਬੀ.ਐੱਸ.ਈ. ਦੀ ਪ੍ਰੀਖਿਆ ਵਿੱਚ 98.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।