ਮੇਅਰ ਰਾਜਾ ਇਕਬਾਲ ਸਥਾਈ ਕਮੇਟੀ ਦੀ ਮੈਂਬਰਸ਼ਿਪ ਛੱਡਣ: ਅੰਕੁਸ਼ ਨਾਰੰਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਮਈ
ਆਮ ਆਦਮੀ ਪਾਰਟੀ ਨੇ ਰਾਜਾ ਇਕਬਾਲ ਸਿੰਘ ਵੱਲੋਂ ਦਿੱਲੀ ਦੇ ਮੇਅਰ ਚੁਣੇ ਜਾਣ ਤੋਂ ਬਾਅਦ ਵੀ ਸਥਾਈ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਾ ਦੇਣ ’ਤੇ ਸਵਾਲ ਖੜ੍ਹੇ ਕੀਤੇ ਹਨ। ਹੈਰਾਨੀ ਪ੍ਰਗਟ ਕਰਦੇ ਹੋਏ, ਐੱਮਸੀਡੀ ਵਿੱਚ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਅੰਕੁਸ਼ ਨਾਰੰਗ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਿਗਮ ਦੀ ਸਥਾਈ ਕਮੇਟੀ ਦਾ ਕੋਈ ਮੈਂਬਰ ਮੇਅਰ ਚੁਣਿਆ ਜਾਂਦਾ ਹੈ ਅਤੇ ਫਿਰ ਵੀ ਉਹ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਨਹੀਂ ਦਿੰਦਾ। ਜਦੋਂਕਿ ਸਥਾਈ ਕਮੇਟੀ ਮੇਅਰ ਨੂੰ ਵੀ ਰਿਪੋਰਟ ਕਰਦੀ ਹੈ। ਅਜਿਹੀ ਸਥਿਤੀ ਵਿੱਚ, ਰਾਜਾ ਇਕਬਾਲ ਕਿਹੜੀ ਹੈਸੀਅਤ ਵਿੱਚ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਨੈਤਿਕਤਾ ਅਤੇ ਪ੍ਰੋਟੋਕੋਲ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਥਾਈ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਂਰਾਨ ਅੰਕੁਸ਼ ਨਾਰੰਗ ਨੇ ਮੇਅਰ ਨੂੰ ਲਿਖਿਆ ਪੱਤਰ ਦਿਖਾਇਆ ਅਤੇ ਕਿਹਾ ਕਿ ਰਾਜਾ ਇਕਬਾਲ 25 ਅਪਰੈਲ ਨੂੰ ਮੇਅਰ ਬਣੇ ਸਨ, ਪਰ ਉਹ ਸਿਵਲ ਲਾਈਨਜ਼ ਜ਼ੋਨ ਤੋਂ ਸਟੈਂਡਿੰਗ ਕਮੇਟੀ ਮੈਂਬਰ ਵੀ ਹਨ। ਅੰਕੁਸ਼ ਨਾਰੰਗ ਨੇ ਕਿਹਾ ਕਿ ਇਤਿਹਾਸ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਮੇਅਰ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਮੈਂਬਰ ਵਜੋਂ ਹੇਠਾਂ ਬੈਠੇ ਹੋਣ ਜਦੋਂ ਕਿ ਚੇਅਰਮੈਨ ਉੱਪਰ ਬੈਠੇ ਹੋਣ।