ਮੂੰਗਾ ਜੀਵਾਂ ਦਾ ਬਦਰੰਗ ਹੋਣਾ ਚਿੰਤਾ ਦਾ ਵਿਸ਼ਾ
ਅਸ਼ਵਨੀ ਚਤਰਥ
ਰੁੱਖ-ਬੂਟਿਆਂ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਪੱਖੋਂ ਆਸਟਰੇਲੀਆ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਇਹ ਦੇਸ਼ ਜ਼ਮੀਨ ਦੀ ਵਿਭਿੰਨਤਾ ਪੱਖੋਂ ਬੇਹੱਦ ਵਿਲੱਖਣਤਾ ਭਰਪੂਰ ਦੇਸ਼ ਹੈ ਜਿਸ ਵਿੱਚ ਮਾਰੂਥਲ, ਘਾਹ ਦੇ ਮੈਦਾਨ, ਬਰਸਾਤੀ ਜੰਗਲਾਂ ਤੋਂ ਇਲਾਵਾ ਵੰਨ-ਸੁਵੰਨੀਆਂ ਪਹਾੜੀਆਂ ਵੀ ਮੌਜੂਦ ਹਨ। ਇਸ ਮੁਲਕ ਦੀ ਸੈਰ ’ਤੇ ਗਏ ਸੈਲਾਨੀਆਂ ਲਈ ‘ਦਿ ਗ੍ਰੇਟ ਬੈਰੀਅਰ ਰੀਫ’ ਹਮੇਸ਼ਾ ਹੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਹ ਇਸ ਦੇਸ਼ ਨੇੜੇ ਸਮੁੰਦਰ ਵਿੱਚ ਮੌਜੂਦ ਰੰਗਦਾਰ ਅਤੇ ਬੇਹੱਦ ਖ਼ੂਬਸੂਰਤ ਮੂੰਗਾ ਨਾਮੀ ਸਮੁੰਦਰੀ ਜੀਵਾਂ ਦੇ ਪਹਾੜ ਹਨ। ਕੋਰਲ ਜਾਂ ਮੂੰਗਾ ਜੀਵਾਂ ਦੇ ਇਹ ਪਹਾੜ ਆਸਟਰੇਲੀਆ ਦੇ ਕੁਈਨਜ਼ਲੈਂਡ ਪ੍ਰਾਂਤ ਨੇੜੇ ਪੈਂਦੇ ਕੋਰਲ ਸਮੁੰਦਰ ਵਿੱਚ ਵੇਖੇ ਜਾ ਸਕਦੇ ਹਨ। ਗਿਣਤੀ ਪੱਖੋਂ ਅਰਬਾਂ ਮੂੰਗਾ ਜੀਵਾਂ ਤੋਂ ਬਣੇ ਇਹ ਪਹਾੜ ਸਮੁੰਦਰ ਵਿੱਚ ਤਕਰੀਬਨ 3,44,000 ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ ਜੋ ਕਿ ਭਾਰਤ ਦੇ ਸਭ ਤੋਂ ਵੱਡੇ ਪ੍ਰਾਂਤ ਰਾਜਸਥਾਨ ਦੇ ਖੇਤਰਫਲ ਦੇ ਬਰਾਬਰ ਹੈ। ਦਿ ਗ੍ਰੇਟ ਬੈਰੀਅਰ ਰੀਫ ਵਿੱਚ ਮੂੰਗਾ ਜੀਵਾਂ ਦੀ ਗਿਣਤੀ ਅਤੇ ਵਿਭਿੰਨਤਾ ਦੇ ਆਧਾਰ ’ਤੇ ਇਨ੍ਹਾਂ ਨੂੰ ਅਕਸਰ ‘ਸਮੁੰਦਰ ਦੇ ਬਰਸਾਤੀ ਜੰਗਲ’ ਆਖ ਦਿੱਤਾ ਜਾਂਦਾ ਹੈ। ਇਨ੍ਹਾਂ ਪਹਾੜਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਪੁਲਾੜ ਤੋਂ ਧਰਤੀ ’ਤੇ ਨਜ਼ਰ ਆਉਣ ਵਾਲੀ ਇਹ ਇੱਕੋ ਇੱਕ ਕੁਦਰਤੀ ਚੀਜ਼ ਹੈ। ਮੂੰਗਾ ਪਹਾੜ ਉਂਜ ਤਾਂ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ, ਪਰ ਆਸਟਰੇਲੀਆ ਦੇ ਉੱਤਰ ਪੂਰਬੀ ਕਿਨਾਰੇ ’ਤੇ 2300 ਕਿਲੋਮੀਟਰ ਲੰਬਾਈ ਤੱਕ ਫੈਲਿਆ ‘ਦਿ ਗ੍ਰੇਟ ਬੈਰੀਅਰ’ ਪਹਾੜ ਮੂੰਗਾ ਜੀਵਾਂ ਦਾ ਸਭ ਤੋਂ ਵੱਡਾ ਇਕੱਠ ਹੈ ਜੋ ਕਿ ਨਿੱਕੇ ਨਿੱਕੇ ਤਿੰਨ ਹਜ਼ਾਰ ਮੂੰਗਾ ਪਹਾੜਾਂ ਦਾ ਸਮੂਹ ਹੈ ਅਤੇ ਇਸ ਵਿੱਚ 9000 ਪ੍ਰਜਾਤੀਆਂ ਦੇ ਅਰਬਾਂ ਖਰਬਾਂ ਜੀਵ ਨਿਵਾਸ ਕਰਦੇ ਹਨ। ਜੇਕਰ ਮੂੰਗਾ ਜੀਵ ਦੀ ਸਰੀਰਕ ਬਣਤਰ ਦੀ ਗੱਲ ਕਰੀਏ ਤਾਂ ਇੱਕ ਇਕੱਲਾ ਮੂੰਗਾ ਜੀਵ, ਜਿਸ ਨੂੰ ਕੋਰਲ ਪੋਲਿਪ ਕਹਿੰਦੇ ਹਨ, ਕੁਝ ਸੈਂਟੀਮੀਟਰ ਲੰਮਾ, ਵੇਲਣਾਕਾਰ, ਚਾਕ ਜਿਹੇ ਪਦਾਰਥ ਦਾ ਬਣਿਆ ਜੀਵ ਹੁੰਦਾ ਹੈ। ਇਸ ਵਿੱਚ ਵੱਖ ਵੱਖ ਰੰਗਾਂ ਦੀਆਂ ਕਾਈਆਂ ਨਿਵਾਸ ਕਰਦੀਆਂ ਹਨ। ਇਹ ਕਾਈਆਂ ਸੂਰਜੀ ਕਿਰਨਾਂ ਦੀ ਮਦਦ ਨਾਲ ਭੋਜਨ ਤਿਆਰ ਕਰਕੇ ਮੂੰਗਾ ਜੀਵਾਂ ਨੂੰ ਖੁਰਾਕ ਮੁਹੱਈਆ ਕਰਦੀਆਂ ਹਨ ਤੇ ਆਕਸੀਜਨ ਪੈਦਾ ਕਰਕੇ ਹਵਾ ਵਿੱਚ ਛੱਡਦੀਆਂ ਹਨ। ਇਨ੍ਹਾਂ ਜੀਵਾਂ ਦੀ ਧਰਤੀ ਵਾਸੀਆਂ ਨੂੰ ਕਿੰਨੀ ਵੱਡੀ ਦੇਣ ਹੈ ਕਿ ਇਹ ਧਰਤੀ ’ਤੇ ਹਾਜ਼ਰ ਸਮੂਹ ਜੀਵਾਂ ਲਈ ਲੋੜੀਂਦੀ ਆਕਸੀਜਨ ਦਾ ਪੰਜਾਹ ਫ਼ੀਸਦੀ ਤੋਂ ਵੱਧ ਹਿੱਸਾ ਪੈਦਾ ਕਰਕੇ ਸਭ ਨੂੰ ਜੀਵਨਦਾਨ ਦਿੰਦੇ ਹਨ। ਮੂੰਗਾ ਪਹਾੜੀਆਂ ਦੀ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਵੱਡੀ ਤੇ ਅਹਿਮ ਭੂਮਿਕਾ ਇਹ ਵੀ ਹੈ ਕਿ ਸਮੁੰਦਰੀ ਜੀਵਾਂ ਦਾ ਇੱਕ ਚੌਥਾਈ ਹਿੱਸਾ ਇਨ੍ਹਾਂ ਮੂੰਗਾ ਪਹਾੜੀਆਂ ਵਿੱਚ ਨਿਵਾਸ ਕਰਕੇ ਆਪਣੇ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਨੂੰ ਅੰਜਾਮ ਦਿੰਦਾ ਹੈ। ਸਮੁੰਦਰੀ ਮੂੰਗਿਆਂ ਵਿਚਲੀਆਂ ਕਾਈਆਂ ਹਵਾ ਵਿੱਚੋਂ ਕਾਰਬਨ ਡਾਇਆਕਸਾਈਡ ਸੋਖ ਕੇ ਸਾਡੇ ਵਾਤਾਵਰਣ ਨੂੰ ਸਾਫ਼ ਸੁਥਰਾ ਕਰਦੀਆਂ ਹਨ ਜਿਸ ਨਾਲ ਸਾਡੇ ਚੌਗਿਰਦੇ ਵਿੱਚ ਪੈਦਾ ਆਲਮੀ ਤਪਸ਼ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਹਰ ਸਾਲ ਵੀਹ ਲੱਖ ਦੇ ਕਰੀਬ ਸੈਲਾਨੀ ਮੂੰਗਾ ਪਹਾੜੀਆਂ ਦੇ ਨੇੜੇ ਸੈਰ ਸਪਾਟੇ ਲਈ ਜਾਂਦੇ ਹਨ ਜਿਸ ਕਰਕੇ ਸਬੰਧਿਤ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਤੇ ਉਸ ਖਿੱਤੇ ਦੇ ਲੋਕਾਂ ਦੀ ਆਮਦਨ ਵਿੱਚ ਵਾਧਾ ਵੀ ਹੁੰਦਾ ਹੈ। ਇਕੱਲੇ ਆਸਟਰੇਲੀਆ ਵਿੱਚ ਹੀ 64000 ਰੁਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ ਤੇ ਸੱਤ ਬਿਲੀਅਨ ਡਾਲਰ ਦੀ ਆਮਦਨ ਹੁੰਦੀ ਹੈ। ਇਨ੍ਹਾਂ ਪਹਾੜਾਂ ਦਾ ਇੱਕ ਵੱਡਾ ਲਾਭ ਇਹ ਵੀ ਹੈ ਕਿ ਇਹ ਆਸਟਰੇਲੀਆ ਦੇ ਵੱਸੋਂ ਵਾਲੇ ਭਾਗਾਂ ਨੂੰ ਸਮੁੰਦਰ ਤੋਂ ਆਉਣ ਵਾਲੀਆਂ ਜਲ ਲਹਿਰਾਂ ਤੋਂ ਇੱੱਕ ਮਜ਼ਬੂਤ ਦੀਵਾਰ ਬਣ ਕੇ ਬਚਾਉਂਦੇ ਹਨ। ਇਸ ਨਾਲ ਲੋਕਾਂ ਦੇ ਜਾਨ, ਮਾਲ ਅਤੇ ਸਰਕਾਰੀ ਪੈਸੇ ਦੀ ਵੀ ਬੱਚਤ ਹੁੰਦੀ ਹੈ। ਇੱਥੇ ਹੀ ਬਸ ਨਹੀਂ, ਇਹ ਪਹਾੜ ਆਪਣੇ ਆਸਪਾਸ ਦੇ ਖੇਤਰਾਂ ਨੂੰ ਸੁਨਾਮੀ, ਹੜ੍ਹ ਅਤੇ ਤੂਫ਼ਾਨਾਂ ਆਦਿ ਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸੇ ਕਰਕੇ ‘ਦਿ ਗ੍ਰੇਟ ਬੈਰੀਅਰ ਰੀਫ’ ਨੂੰ ਸੰਸਾਰ ਦੇ ਸੱਤ ਕੁਦਰਤੀ ਅਜੂਬਿਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਯੂਨੈਸਕੋ ਵੱਲੋਂ ਵੀ ਸਾਲ 1981 ਵਿੱਚ ਇਨ੍ਹਾਂ ਵਚਿੱਤਰ ਪਹਾੜਾਂ ਨੂੰ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਇੱਕ ਵਿਗਿਆਨਕ ਸਰਵੇਖਣ ਤੋਂ ਬਾਅਦ ਜ਼ਿਆਦਾਤਰ ਵਿਗਿਆਨੀ ਇਸ ਗੱਲ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਅਤੇ ਫ਼ਿਕਰਮੰਦ ਹਨ ਕਿ ਕੁਦਰਤ ਵੱਲੋਂ ਮਨੁੱਖ ਨੂੰ ਬਖ਼ਸ਼ੀ ਇਸ ਨਿਆਮਤ ਨੂੰ ਮਨੁੱਖੀ ਅਣਗਹਿਲੀਆਂ ਤੇ ਗ਼ਲਤੀਆਂ ਕਰਕੇ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੁੱਖ ਵੱਲੋਂ ਬੇਸਮਝੀ ਕਾਰਨ ਕੀਤੀਆਂ ਜਾ ਰਹੀਆਂ ਵੱਡੀਆਂ ਗ਼ਲਤੀਆਂ ਵਿੱਚ ਪ੍ਰਦੂਸ਼ਣ, ਜ਼ਰੂਰਤ ਤੋਂ ਜ਼ਿਆਦਾ ਮੱਛੀਆਂ ਫੜਨਾ, ਆਲਮੀ ਤਪਸ਼, ਦੁਰਘਟਨਾਵਾਂ ਵੱਸ ਸਮੁੰਦਰੀ ਜਹਾਜ਼ਾਂ ਵਿੱਚੋਂ ਪੈਟਰੋਲ ਜਾਂ ਹੋਰ ਤੇਲਾਂ ਦਾ ਰਿਸਣਾ ਅਤੇ ਜ਼ਹਿਰੀਲੇ ਪਾਣੀ ਦੀ ਸਮੁੰਦਰਾਂ ਵਿੱਚ ਨਿਕਾਸੀ ਆਦਿ ਪ੍ਰਮੁੱਖ ਹਨ। ਉਕਤ ਕਾਰਨਾਂ ਕਰਕੇ ਮੂੰਗਾ ਪਹਾੜਾਂ ਅੰਦਰ ਮੌਜੂਦ ਕਾਈ ਜ਼ਹਿਰੀਲੇ ਪਦਾਰਥ ਪੈਦਾ ਕਰਦੀ ਹੈ ਜਿਨ੍ਹਾਂ ਨੂੰ ਮੂੰਗੇ ਬਾਹਰ ਸੁੱਟ ਦਿੰਦੇ ਹਨ ਤੇ ਸਿੱਟੇ ਵਜੋਂ ਮੂੰਗੇ ਬਦਰੰਗ ਹੋ ਜਾਂਦੇ ਹਨ। ਇਸ ਘਟਨਾਕ੍ਰਮ ਨੂੰ ਵਿਗਿਆਨਕ ਜਗਤ ਵਿੱਚ ਕੋਰਲ ਬਲੀਚਿੰਗ ਕਿਹਾ ਜਾਂਦਾ ਹੈ। ਮੂੰਗਿਆਂ ਦਾ ਬਦਰੰਗ ਹੋ ਜਾਣਾ, ਵਾਤਾਵਰਣ ਦੇ ਵਿਗਾੜ ਵਿੱਚ ਇੱਕ ਬਹੁਤ ਵੱਡਾ ਵਰਤਾਰਾ ਹੈ।ਸਾਲ 2020 ਵਿੱਚ ਵਿਗਿਆਨੀਆਂ ਵੱਲੋਂ ਕੀਤੇ ਗਏ ਇੱਕ ਅਧਿਐਨ ਅਨੁਸਾਰ ਬੀਤੇ ਲਗਪਗ 25 ਕੁ ਸਾਲਾਂ ਵਿੱਚ ਸਮੁੰਦਰਾਂ ਅੰਦਰ ਸਥਿਤ ਮੂੰਗਾ ਪਹਾੜੀਆਂ ਦਾ ਤਕਰੀਬਨ ਅੱਧਾ ਹਿੱਸਾ ਬਦਰੰਗ ਹੋ ਚੁੱਕਾ ਹੈ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਉੱਪਰ ਦੱਸੇ ਕਾਰਨਾਂ ਨੂੰ ਨਾ ਰੋਕਿਆ ਗਿਆ ਤਾਂ ਕੁਦਰਤੀ ਅਮਾਨਤ ਵਿੱਚ ਕੀਤੀ ਗਈ ਇਸ ਖ਼ਿਆਨਤ ਦੇ ਸਮੁੱਚੀ ਮਨੁੱਖ ਜਾਤੀ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਮੱਛੀਆਂ ਸਮੇਤ ਸਾਰੇ ਸਮੁੰਦਰੀ ਭੋਜਨਾਂ ਦੇ ਉਤਪਾਦਨ ਵਿੱਚ ਕਮੀ ਆਵੇਗੀ, ਵਾਤਾਵਰਣ ਵਿੱਚ ਆਕਸੀਜਨ ਦੀ ਮਾਤਰਾ ਘਟੇਗੀ, ਸੁਮੰਦਰੀ ਤੂਫ਼ਾਨਾਂ ਅਤੇ ਸੁਨਾਮੀਆਂ ਦੀ ਗਿਣਤੀ ਵਧੇਗੀ, ਸਮੁੰਦਰ ਕੰਢੇ ਵੱਸੇ ਸ਼ਹਿਰਾਂ ਦੀ ਹੋਂਦ ਨੂੰ ਖ਼ਤਰਾ ਵਧੇਗਾ, ਲੋਕਾਂ ਲਈ ਰੁਜ਼ਗਾਰ ਦੇ ਮੌਕੇ ਘਟਣਗੇ, ਵਾਤਾਵਰਣ ਵਿੱਚ ਗਰਮੀ ਲਗਾਤਾਰ ਵਧੇਗੀ, ਸੰਸਾਰ ਦਾ ਕੁੱਲ ਭੋਜਨ ਉਤਪਾਦਨ ਘਟੇਗਾ ਅਤੇ ਸਮੁੰਦਰਾਂ ਅੰਦਰ ਵਿਚਰਦੇ ਜੀਵਾਂ ਦੀਆਂ ਅਨੇਕਾਂ ਪ੍ਰਜਾਤੀਆਂ ਲੋਪ ਹੋਣ ਦਾ ਖ਼ਤਰਾ ਵਧ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਮੂੰਗਿਆਂ ਤੋਂ ਕੈਂਸਰ ਅਤੇ ਦਿਲ ਦੇ ਰੋਗਾਂ ਨੂੰ ਠੀਕ ਕਰਨ ਲਈ ਬਣਦੀਆਂ ਦਵਾਈਆਂ ਦੇ ਉਤਪਾਦਨ ਵਿੱਚ ਕਮੀ ਆਵੇਗੀ। ਸਬੰਧਿਤ ਖੇਤਰਾਂ ਵਿੱਚ ਸੈਲਾਨੀ ਗਤੀਵਿਧੀਆਂ ਘਟਣਗੀਆਂ ਅਤੇ ਉਸ ਖਿੱਤੇ ਅਤੇ ਕਿੱਤੇ ਨਾਲ ਜੁੜੇ ਲੋਕਾਂ ਦੀ ਆਮਦਨ ਵੀ ਘਟੇਗੀ। ਸੋ ਅੱਜ ਲੋੜ ਹੈ ਕਿ ਅੰਨ੍ਹੇਵਾਹ ਤਰੱਕੀ ’ਚ ਰੁੱਝਿਆ ਮਨੁੱਖ ਜ਼ਰਾ ਹੋਸ਼ ’ਚ ਆ ਕੇ ਇਹ ਸਮਝਣ ਦਾ ਯਤਨ ਕਰੇ ਕਿ ਮੂੰਗਾ ਜੀਵਾਂ ਪ੍ਰਤੀ ਅਣਗਹਿਲੀ ਵਰਤ ਕੇ ਉਹ ਕੇਵਲ ਮੂੰਗਾ ਜੀਵਾਂ ਦਾ ਹੀ ਨੁਕਸਾਨ ਨਹੀਂ ਕਰ ਰਿਹਾ ਸਗੋਂ ਆਪਣੇ ਪੈਰਾਂ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ’ਤੇ ਵੀ ਕੁਹਾੜੀ ਮਾਰ ਰਿਹਾ ਹੈ।
ਸੰਪਰਕ: 62842-20595