ਮੂਸੇਵਾਲਾ ਦੇ ਪਿਤਾ ਵੱਲੋਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਈ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ 2027 ਵਿੱਚ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਇਹ ਐਲਾਨ ਮੂਸੇਵਾਲਾ ਦੀ ਬਰਸੀ ਤੋਂ ਐਨ ਪਹਿਲਾਂ ਬੀਤੀ ਦੇਰ ਸ਼ਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਚੋਣ ਲੜ ਕੇ ਸਰਗਰਮ ਰਾਜਨੀਤੀ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਰਾਜਨੀਤੀ ’ਚ ਆਉਣ ਮਗਰੋਂ ਹੀ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਵਿੱਚ ਇਨਸਾਫ਼ ਮਿਲਣ ਦੀ ਵੱਡੀ ਉਮੀਦ ਬੱਝੀ ਹੋਈ ਹੈ। ਇਸ ਐਲਾਨ ਕਾਰਨ ਇਲਾਕੇ ਦੀ ਰਾਜਨੀਤੀ ’ਚ ਨਵੀਂ ਸਿਆਸੀ ਜੰਗ ਛਿੜ ਪਈ ਹੈ ਅਤੇ ਇਸ ਨਾਲ ਸਿਆਸਤ ਭਖ਼ ਗਈ ਹੈ।
ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਗੋਲਡੀ ਬਰਾੜ ਜਾਂ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਕੋਈ ਬਿਆਨ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਉਸ ’ਤੇ ਕੋਈ ਪ੍ਰਤੀਕਰਮ ਕਰਨ ਨੂੰ ਦਿਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਾਰ-ਵਾਰ ਆਪਣੇ ਬਿਆਨ ਬਦਲਦੇ ਰਹਿੰਦੇ ਹਨ ਅਤੇ ਨਾ ਹੀ ਕੇਂਦਰ ਸਰਕਾਰ ਤੋਂ ਭਰੋਸਿਆਂ ਦੇ ਬਾਵਜੂਦ ਇਸ ਕਤਲ ਕੇਸ ਲਈ ਕੋਈ ਇਨਸਾਫ਼ ਦੀ ਆਸ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿੱਚ 29 ਮਈ, 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦੀ ਪਿੰਡ ਮੂਸਾ ਵਿੱਚ ਤੀਜੀ ਬਰਸੀ ਪਰਿਵਾਰ ਵੱਲੋਂ ਮਨਾਈ ਜਾ ਰਹੀ ਹੈ।
2022 ’ਚ ਸ਼ੁਭਦੀਪ ਮੂਸੇਵਾਲਾ ਮਾਨਸਾ ਤੋਂ ਲੜਿਆ ਸੀ ਚੋਣ
ਬਲਕੌਰ ਸਿੰਘ ਦੇ ਪੁੱਤਰ ਤੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਨਸਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਤੋਂ 63,323 ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ।