ਮੂਸੇਵਾਲਾ ਦੇ ਪਰਿਵਾਰ ਵੱਲੋਂ ਕਿਸਾਨ ਜਥੇਬੰਦੀਆਂ ਦੀ ਹਮਾਇਤ
ਮਾਨਸਾ, 2 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਹਿੱਤਾਂ ਲਈ ਅਫ਼ਵਾਹਾਂ ਫੈਲਾ ਕੇ ਪੰਜਾਬ ਵਾਸੀਆਂ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ ਤਾਂ ਉਸ ਵੇਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਕਿਸਾਨ ਯੂਨੀਅਨਾਂ ਦੇ ਹੱਕ ਵਿੱਚ ਉਤਰ ਆਇਆ ਹੈ। ਮੂਸੇਵਾਲਾ ਦੇ ਪਰਿਵਾਰ ਅਨੁਸਾਰ ਪੰਜਾਬ ਦਾ ਨੁਕਸਾਨ ਕਿਸਾਨ ਜਥੇਬੰਦੀਆਂ ਨੇ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰ ਰਹੇ ਹਨ, ਜੋ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਦੀ ਬਜਾਏ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਹਕੂਮਤ ਖਿਲਾਫ਼ ਲੜਾਈ ਲੜ ਰਹੀਆਂ ਧਿਰਾਂ ਨੂੰ ਆਪਣੇ ਬਿਆਨਾਂ ਰਾਹੀਂ ਉਲਝਾਉਣਾ ਚਾਹੁੰਦੇ ਹਨ।
ਮੂਸੇਵਾਲਾ ਦੇ ਤਾਇਆ ਅਤੇ ਪੰਜਾਬ ਮੰਡੀ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਪੰਜਾਬ ਵਿਰੋਧੀ ਦੱਸਣਾ ਭਾਜਪਾ ਦਾ ਏਜੰਡਾ ਪੰਜਾਬ ਵਿੱਚ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਦੇ ਵੀ ਲੋਕ ਹਿੱਤਾਂ ਲਈ ਲੜਨ ਵਾਲੇ ਲੋਕਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸਾਨ ਲੋਕ ਹੀ ਹਨ, ਜੋ ਪੰਜਾਬ ਅਤੇ ਕੇਂਦਰ ਦੀ ਸਰਕਾਰ ਖਿਲਾਫ਼ ਲੋਕ ਹਿੱਤਾਂ ਲਈ ਮੈਦਾਨ ਵਿੱਚ ਉਤਰੇ ਹੋਏ ਹਨ।
ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਸਰੋਂ, ਛੋਲੇ, ਜੌਂਅ, ਮੂੰਗਫ਼ਲੀ, ਕਪਾਹ, ਨਰਮਾ, ਮੂੰਗੀ ਦੀ ਖੇਤੀ ਨੂੰ ਸਰਕਾਰ ਨੇ ਹੀ ਬੁਰੀ ਤਰ੍ਹਾਂ ਮਾਰਿਆ ਹੈ ਅਤੇ ਵੱਡੀਆਂ ਕੰਪਨੀਆਂ ਨੂੰ ਮੁਨਾਫ਼ਾ ਦੇਣ ਵਾਸਤੇ ਰਾਜ ਵਿੱਚ ਝੋਨਾ ਅਤੇ ਰਸਾਇਣਕ ਖਾਦਾਂ ਸਮੇਤ ਕੀਟਨਾਸ਼ਕ ਦਵਾਈਆਂ ਨੂੰ ਹੁਲਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਲਈ ਦਵਾਈਆਂ, ਬੀਜ, ਰੇਹਾਂ ਤੇ ਮਸ਼ੀਨਰੀਆਂ ਬਣਾਉਣ ਵਾਲੇ ਵਧ-ਫੁੱਲ ਰਹੇ ਹਨ, ਜਦੋਂ ਕਿ ਕਿਸਾਨ ਦਿਨੋ-ਦਿਨ ਪੀਸਿਆ ਜਾ ਰਿਹਾ ਹੈ।