ਮੂਨਕ, ਵਜੀਦਪੁਰ ਤੇ ਕੜੈਲ ਨੂੰ ਚਾਰ ਦਹਾਕਿਆਂ ਮਗਰੋਂ ਮਿਲੇਗਾ ਨਹਿਰੀ ਪਾਣੀ
ਮੂਨਕ ਬਰਾਂਚ ਦੇ ਟੇਲ ਪੋਰਸ਼ਨ ਦੀ ਕਰੀਬ 1.09 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਣ ਵਾਲੀ ਮੁੜ ਉਸਾਰੀ ਦਾ ਨੀਂਹ ਪੱਥਰ ਮੂਣਕ ਵਿੱਚ ਰੱਖਣ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪੂਰੇ ਹੋਣ ਨਾਲ ਮੂਨਕ, ਵਜੀਦਪੁਰ ਤੇ ਕੜੈਲ ਦੇ ਕਰੀਬ 2588 ਏਕੜ ਰਕਬੇ ਨੂੰ ਲਗਭਗ 38 ਸਾਲਾਂ ਬਾਅਦ ਨਹਿਰੀ ਪਾਣੀ ਮਿਲੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮੂਨਕ ਬ੍ਰਾਂਚ ਦਾ ਟੇਲ ਪੋਰਸ਼ਨ, ਜਿਸ ਦੀ ਕੁੱਲ ਲੰਬਾਈ 6855 ਫੁੱਟ ਹੈ, ਦੀ ਮੁੜ ਉਸਾਰੀ ਦਾ ਕੰਮ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਮੂਨਕ ਬ੍ਰਾਂਚ ਦੀ ਉਸਾਰੀ ਦਾ ਕੰਮ 2016 ਵਿੱਚ ਸ਼ੁਰੂ ਕਰਵਾਇਆ ਗਿਆ ਸੀ ਪਰ ਇਸ ਦਾ ਟੇਲ ਪੋਰਸ਼ਨ ਕੋਰਟ ਕੇਸਾਂ ਕਰ ਕੇ ਲਗਭਗ ਨੌਂ ਸਾਲ ਬੀਤਣ ਮਗਰੋਂ ਵੀ ਪੂਰਾ ਨਹੀਂ ਹੋ ਸਕਿਆ।
ਸਰਕਾਰ ਦੀ ਚੰਗੀ ਪਲੈਨਿੰਗ ਸਦਕਾ ਲਿਟਿਗੇਸ਼ਨ ਦੇ ਸਾਰੇ ਮਸਲੇ ਨਿਬੇੜ ਕੇ ਇਹ ਕੰਮ ਦੁਬਾਰਾ ਸ਼ੁਰੂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜਿਹੜੀ ਜਗ੍ਹਾ ਨਹਿਰੀ ਵਿਭਾਗ ਦੀ ਹੈ ਅਤੇ ਜਿੱਥੇ ਲੋਕਾਂ ਵੱਲੋਂ ਮਾਈਨਰ ਬਣਾਉਣ ਦੀ ਸਹਿਮਤੀ ਹੈ, ਉਸ ਥਾਂ ’ਤੇ ਕੰਕਰੀਟ ਲਾਈਨਿੰਗ ਕੀਤੀ ਜਾਵੇਗੀ ਅਤੇ ਜਿਸ ਥਾਂ ’ਤੇ ਨਹਿਰੀ ਵਿਭਾਗ ਦੀ ਜਗ੍ਹਾ ਨਹੀਂ ਹੈ, ਉੱਥੇ ਅੰਡਰਗਰਾਊਂਡ ਪਾਈਪਲਾਈਨ ਪਾਈ ਜਾਵੇਗੀ।
ਗੋਇਲ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਮੂਨਕ ਬ੍ਰਾਂਚ ਦਾ ਸਾਰਾ ਪਾਣੀ ਮੂਨਕ ਸ਼ਹਿਰ ਦੇ ਛੱਪੜ ਵਿੱਚ ਭਰ ਜਾਂਦਾ ਸੀ ਅਤੇ ਛੱਪੜ ਦਾ ਪਾਣੀ ਓਵਰਫਲੋਅ ਹੋ ਕੇ ਮੇਨ ਰੋਡ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਵੜ ਜਾਂਦਾ ਸੀ। ਇਸ ਕੰਮ ਦੇ ਮੁਕੰਮਲ ਹੋਣ ਨਾਲ ਪਾਣੀ ਛੱਪੜ ਵਿੱਚ ਪੈਣ ਤੋਂ ਬੰਦ ਹੋ ਜਾਵੇਗਾ ਅਤੇ ਮੂਨਕ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਜਗਸੀਰ ਮਲਾਣਾ, ਅਰੂਣ ਜਿੰਦਲ, ਮਿਠੂ ਸੈਣੀ, ਐੱਸਡੀਓ ਅੰਮ੍ਰਿਤਪਾਲ ਸਿੰਘ, ਜੇਈ ਸਾਹਿਲ ਕੁਮਾਰ ਅਤੇ ਪੀਏ ਰਾਕੇਸ਼ ਕੁਮਾਰ ਹਾਜ਼ਰ ਸਨ।