ਮੂਨਕ-ਪਾਤੜਾਂ ਸੜਕ ਅੱਪਗ੍ਰੇਡ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ
ਕਰਮਵੀਰ ਸਿੰਘ ਸੈਣੀ
ਮੂਨਕ, 17 ਮਈ
‘ਮੂਨਕ-ਪਾਤੜਾਂ ਰੋਡ (ਜ਼ਿਲ੍ਹੇ ਦੀ ਹੱਦ ਤਕ) ਜਿਸ ਦੀ ਲੰਬਾਈ 13.75 ਕਿਲੋਮੀਟਰ ਨੂੰ ਕਰੀਬ 10 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਅਪਗਰੇਡ ਕੀਤਾ ਜਾਵੇਗਾ ਤੇ ਇਹ ਕੰਮ ਚਾਰਨ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।’ ਇਹ ਜਾਣਕਾਰੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੂਨਕ ਮੰਡੀ ਵਿੱਚ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਸਾਂਝੀ ਕੀਤੀ। ਇਸ ਸੜਕ ਦਾ ਠੇਕੇਦਾਰ ਵੱਲੋਂ ਅਗਲੇ ਪੰਜ ਸਾਲ ਤੱਕ ਰੱਖ-ਰਖਾਅ ਵੀ ਕੀਤਾ ਜਾਵੇਗਾ, ਜਿਸ ਦੀ ਲਾਗਤ 83.02 ਲੱਖ ਰੁਪਏ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੜਕ ’ਤੇ ਹੈਵੀ ਟ੍ਰੈਫਿਕ ਹੋਣ ਕਾਰਨ ਇਸ ਸੜਕ ਨੂੰ ਤੁਰੰਤ ਅਪਗਰੇਡ ਕਰਨਾ ਅਤਿ ਜ਼ਰੂਰੀ ਹੈ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਸੜਕ ਨੂੰ ਅਪਗਰੇਡ ਕਰਨ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦਾ ਕਾਇਆ ਕਲਪ ਕਰਨ ਲਈ ਹਰ ਪੱਖ ਤੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਵੀ ਵਿਕਾਸ ਕਾਰਜ ਪੂਰੇ ਜੋਸ਼ੋ ਖਰੋਸ਼ ਨਾਲ ਨੇਪਰੇ ਚੜ੍ਹਾਏ ਜਾ ਰਹੇ ਹਨ। ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਛੇਤੀ ਹੀ ਉਨ੍ਹਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।