ਮੁੱਦਕੀ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਤਿੰਨ ਮਹੀਨੇ ਤੋਂ ਠੱਪ
ਸੁਦੇਸ਼ ਕੁਮਾਰ ਹੈਪੀ
ਤਲਵੰਡੀ ਭਾਈ, 27 ਮਈ
ਕਸਬਾ ਮੁੱਦਕੀ 'ਚ ਸੀਵਰੇਜ ਦੇ ਚੱਲ ਕੰਮ ਦੌਰਾਨ ਜਲ ਪਾਈਪਾਂ ਦੀ ਹੋਈ ਭੰਨ-ਤੋੜ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪਿਛਲੇ 3 ਮਹੀਨੇ ਤੋਂ ਠੱਪ ਪਈ ਹੈ। ਲੋਕ ਮਜਬੂਰੀ ਵੱਸ ਧਰਤੀ ਹੇਠਲਾ ਜ਼ਹਿਰੀਲੇ ਪਾਣੀ ਪੀ ਰਹੇ ਹਨ ਜਿਸ ਕਾਰਨ ਉਹ ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਇਸ ਸਭ ਤੋਂ ਬਖ਼ਬਰ ਮਹਿਕਮਾ ਜਲ ਸਪਲਾਈ ਤੇ ਸੀਵਰੇਜ ਬੋਰਡ ਜਲ ਸਪਲਾਈ ਦੇ ਨਵੇਂ ਕੰਮ ਦੀ ਸ਼ੁਰੂਆਤ ਲਈ ਨੀਂਹ ਪੱਥਰ ਰੱਖੇ ਜਾਣ ਦੀ ਉਡੀਕ 'ਚ ਹੈ, ਹਾਲਾਂਕਿ ਇਸ ਨਵੇਂ ਕੰਮ ਲਈ ਲੋੜੀਂਦਾ ਸਾਜ਼ੋ-ਸਾਮਾਨ ਵੀ ਇੱਥੇ ਪੁੱਜ ਚੁੱਕਾ ਹੈ। ਇਥੇ ਜਲ ਘਰ ਤੋਂ ਬੱਸ ਅੱਡੇ ਤੇ ਉੱਥੋਂ ਚੜ੍ਹਦੇ ਪਾਸੇ ਕਲਕੱਤੇ ਵਾਲੀ ਗਲੀ ਤੱਕ ਪਾਣੀ ਨਿਰਵਿਘਨ ਚਾਲੂ ਹੈ ਪਰ ਉਸ ਤੋਂ ਅੱਗੇ ਦਾ ਅਤੇ ਲਹਿੰਦੇ ਵਾਲੇ ਪਾਸੇ ਦਾ ਸਾਰਾ ਇਲਾਕਾ ਪੀਣ ਵਾਲੇ ਸ਼ੁੱਧ ਪਾਣੀ ਨੂੰ ਤਰਸ ਰਿਹਾ ਹੈ। ਲੋਕਾਂ ਨੂੰ ਬੰਦ ਪਏ ਪਾਣੀ ਦਾ ਬਿੱਲ ਵੀ ਨਗਰ ਪੰਚਾਇਤ ਨੂੰ ਦੇਣਾ ਪੈ ਰਿਹਾ ਹੈ।
ਸਾਬਕਾ ਪੰਚ ਤੇ ਆਮ ਆਦਮੀ ਪਾਰਟੀ ਦੇ ਮੋਹਰੀ ਰਹੇ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਵਿਧਾਇਕ ਦੇ ਨੀਂਹ ਪੱਥਰ ਨਾਲੋਂ ਲੋਕਾਂ ਦੀ ਸਿਹਤ ਦਾ ਮਾਮਲਾ ਵੱਡਾ ਹੈ। ਵਿਭਾਗ ਨੂੰ ਪਾਣੀ ਦੀ ਸਪਲਾਈ ਮੁੜ ਚਾਲੂ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸੀਵਰੇਜ ਬੋਰਡ ਦੇ ਐੱਸਡੀਓ ਗੁਲਸ਼ਨ ਗਰੋਵਰ ਦਾ ਕਹਿਣਾ ਹੈ ਕਿ ਲੋਕ ਨਵੇਂ ਕੰਮ ਦੀ ਸ਼ੁਰੂਆਤ ਲਈ ਅਜੇ ਸਬਰ ਰੱਖਣ ਪਰ ਪੁਰਾਣੀ ਪਾਈਪ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਆਰਜ਼ੀ ਤੌਰ ’ਤੇ ਪਾਣੀ ਚਾਲੂ ਕਰਨ ਲਈ ਸੀਵਰੇਜ ਦੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ।