ਮੁੱਖ ਮੰਤਰੀ ਸੈਣੀ ਨੇ ਕਾਲੀ ਮੰਦਰ ਵਿੱਚ ਨਤਮਸਤਕ
ਪੀਪੀ ਵਰਮਾ
ਪੰਚਕੂਲਾ, 4 ਅਪਰੈਲ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਕਾਲਕਾ ਦੇ ਕਾਲੀ ਮੰਦਰ ਵਿੱਚ ਮੱਥਾ ਟੇਕਿਆ। ਉਨ੍ਹਾਂ ਇਸ ਮੌਕੇ ਪੂਜਾ ਅਰਚਨਾ ਵੀ ਕੀਤੀ ਅਤੇ ਹਰਿਆਣਾ ਵਾਸੀਆਂ ਲਈ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲੀਸ ਨੇ ਮੰਦਰ ਦੇ ਆਲੇ-ਦੁਆਲੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਕਾਲੀ ਮਾਤਾ ਮੰਦਰ ਕਾਲਕਾ ਵਿੱਚ ਸਥਿਤ ਹੈ ਅਤੇ ਇਸਦੇ ਬਿਲਕੁਲ ਨਾਲ ਹਿਮਾਚਲ ਦੀ ਸੀਮਾ ਲਗਦੀ ਹੈ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈ ਮਿੱਤਲ ਤੋਂ ਇਲਾਵਾ ਕਈ ਹੋਰ ਸਿਆਸੀ ਤੇ ਸਮਾਜਿਕ ਆਗੂ ਮੌਜੂਦ ਸਨ।
ਪੰਚਕੂਲਾ ਨਵਰਾਤਰੇ ਮੇਲੇ ’ਤੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਅੱਜ 27 ਲੱਖ 19 ਹਜ਼ਾਰ 429 ਰੁਪਏ ਦਾਨ ਵਜੋਂ ਚੜ੍ਹੇ। ਇੱਕ ਦਿਨ ਵਿੱਚ 42 ਹਜ਼ਾਰ ਸ਼ਰਧਾਲੂਆਂ ਨੇ ਮੱਥਾ ਟੇਕਿਆ। ਮੰਦਰ ਵਿੱਚ 87 ਚਾਂਦੀ ਦੇ ਗਹਿਣੇ ਚੜ੍ਹੇ। ਇਸੇ ਤਰ੍ਹਾਂ 226 ਅਮਰੀਕੀ ਡਾਲਰ ਵੀ ਚੜ੍ਹੇ।
ਮੁੱਖ ਮੰਤਰੀ ਵੱਲੋਂ ਕਈ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ
ਅੰਬਾਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਬਰੋਲੀ ਵਿੱਚ ਭਾਜਪਾ ਨੇਤਾ ਰਾਕੇਸ਼ ਬਿੰਦਲ ਦੇ ਨਿਵਾਸ ’ਤੇ ਪਹੁੰਚ ਕੇ ਉਨ੍ਹਾਂ ਦੇ ਵੱਡੇ ਭਰਾ ਰਾਜੇਸ਼ ਬਿੰਦਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਬਰੋਲੀ ਵਿੱਚ ਹੀ ਮਰਹੂਮ ਸੁਰਿੰਦਰ ਸੈਣੀ ਦੇ ਨਿਵਾਸ ਅਤੇ ਪਿੰਡ ਲਾਲਪੁਰ ਵਿੱਚ ਮਰਹੂਮ ਸੁਦੇਸ਼ ਗੁਪਤਾ ਦੇ ਨਿਵਾਸ ’ਤੇ ਜਾ ਕੇ ਪੀੜਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ। ਰਾਜੇਸ਼ ਬਿੰਦਲ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ, ਜਦਕਿ ਸਵ. ਸੁਰੇੰਦਰ ਸੈਣੀ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਰਾਜੀਵ ਬਿੰਦਲ, ਸਾਬਕਾ ਵਿਧਾਇਕ ਡਾ. ਪਵਨ ਸੈਣੀ, ਸਾਬਕਾ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸੁਰਿੰਦਰ ਰਾਣਾ, ਨੰਬਰਦਾਰ ਸੁਰੇਸ਼ ਪਾਲ ਆਦਿ ਮੌਜੂਦ ਸਨ। ਸ੍ਰੀ ਸੈਣੀ ਨੇ ਦੁਖੀ ਪਰਿਵਾਰਾਂ ਨੂੰ ਹੌਸਲਾ ਦਿੱਤਾ ਅਤੇ ਵਿੱਛੜ ਚੁੱਕੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।