ਮੁੱਖ ਮੰਤਰੀ ਵੱਲੋਂ ‘ਸੋਮਾ-ਦਿ ਆਯੁਰਵੈਦਿਕ ਰਸੋਈ’ ਦਾ ਉਦਘਾਟਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ‘ਸੋਮਾ-ਦਿ ਆਯੁਰਵੈਦਿਕ ਰਸੋਈ’ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਰਸੋਈ ਵਿੱਚ ਸਿਹਤਮੰਦ ਬਾਜਰੇ-ਅਧਾਰਤ ਰਸੋਈਆਂ ਦੇ ਵਧ ਰਹੇ ਰੁਝਾਨ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਵਿੱਚ 60ਵਿਆਂਂ ਦੌਰਾਨ ਪੰਜਾਬ ਵਿੱਚ ਵੀ ਬਾਜਰੇ ਦੀ ਰੋਟੀ ਖਾਧੀ ਜਾਂਦੀ ਸੀ ਅਤੇ ਪੰਜਾਬੀ ਲੋਕ ਬੋਲੀਆਂ ਵਿੱਚ ਵੀ ਬਾਜਰੇ ਦਾ ਜ਼ਿਕਰ ਆਉਂਦਾ ਹੈ।
ਬਾਜਰੇ ਦੇ ਸਿਹਤ ਲਾਭਾਂ ਅਤੇ ਯੋਗ ਅਤੇ ਵਿਕਲਪਕ ਦਵਾਈ ਵਰਗੇ ਰਵਾਇਤੀ ਤਰੀਕਿਆਂ ਨੂੰ ਉਜਾਗਰ ਕਰਦੇ ਹੋਏ ਉਨ੍ਹਾ ਇੱਕ ਸਿਹਤਮੰਦ ਭਵਿੱਖ ਲਈ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਸਿਹਤਮੰਦ ਰਸੋਈਆਂ ਹੁਣ ਦਿੱਲੀ ਵਿੱਚ ਖੁੱਲ੍ਹ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਉਨ੍ਹਾਂ ਦੇ ਵਿਧਾਨ ਸਭਾ ਖੇਤਰ ਵਿੱਚ ਹੈ, ਜਿੱਥੇ ਸਾਰੇ ਪਕਵਾਨ ਬਾਜਰੇ ਨਾਲ ਬਣਾਏ ਜਾਂਦੇ ਹਨ। ਇਹ ਹਰ ਕਿਸੇ ਲਈ ਇੱਕ ਸਿਹਤਮੰਦ ਵਿਕਲਪ ਹੈ, ਪਾਵ ਭਾਜੀ ਤੋਂ ਲੈ ਕੇ ਬਰਗਰ ਤੱਕ, ਸੂਪ ਅਤੇ ਇੱਥੋਂ ਤੱਕ ਕਿ ਦੱਖਣੀ ਭਾਰਤੀ ਪਕਵਾਨ ਵੀ ਇਸ ਵਿੱਚ ਮਿਲਦੇ ਹਨ।
ਮੁੱਖ ਮੰਤਰੀ ਨੇ ਖੁਦ ਉੱਥੇ ਖਾਣਾ ਖਾਧਾ ਤੇ ਉਨ੍ਹਾਂ ਦਾ ਤਜਰਬਾ ਬਹੁਤ ਵਧੀਆ ਸੀ। ਗੁਪਤਾ ਨੇ ਸੰਤੁਲਿਤ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਬਾਜਰੇ, ਯੋਗ ਅਤੇ ਵਿਕਲਪਕ ਦਵਾਈ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਯੋਗ ਅਤੇ ਵਿਕਲਪਕ ਦਵਾਈ ਦੇ ਨਾਲ, ਬਾਜਰਾ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ। ਸਾਡੀ ਸੱਭਿਆਚਾਰਕ ਵਿਰਾਸਤ ਇੱਕ ਸ਼ਾਨਦਾਰ ਇਤਿਹਾਸ ਹੈ ਤੇ ਜੇ ਅਸੀਂ ਜੀਵਨ ਵਿੱਚ ਇਨ੍ਹਾਂ ਚੀਜ਼ਾਂ ਦੀ ਪਾਲਣਾ ਕਰਦੇ ਹਾਂ ਤਾਂ ਸਾਡਾ ਸਮਾਜ ਅਤੇ ਸਾਡਾ ਦੇਸ਼ ਦੋਵੇਂ ਇੱਕ ਸਿਹਤਮੰਦ ਤਰੀਕੇ ਨਾਲ ਅੱਗੇ ਵਧ ਸਕਦੇ ਹਨ। 21 ਜੂਨ ਨੂੰ ਕੌਮੀ ਰਾਜਧਾਨੀ ਦੇ ਯਮੁਨਾ ਕੰਢੇ ‘ਤੇ ਹੋਣ ਵਾਲੇ ਯੋਗ ਦਿਵਸ ਸਮਾਗਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਮੁਨਾ ਨੂੰ ਸਾਫ਼ ਕਰਨ ਦਾ ਆਪਣਾ ਫਰਜ਼ ਯਾਦ ਹੈ।
ਮੌਨਸੂਨ ਦੌਰਾਨ ਪਾਣੀ ਭਰਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ
ਮੌਨਸੂਨ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਪਾਣੀ ਭਰਨ ਦੇ ਮੁੱਦੇ ‘ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਰੁਕਾਵਟਾਂ ਲਈ ਨਾਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੌਨਸੂਨ ਦੌਰਾਨ ਪਾਣੀ ਭਰਨ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਮਿੰਟੋ ਪੁਲ ਦੇ ਨੇੜੇ ਕੋਈ ਪਾਣੀ ਨਹੀਂ ਰੁਕਿਆ ਅਤੇ ਸ਼ਹਿਰ ਵਿੱਚ ਡੇਂਗੂ ਨੂੰ ਕੰਟਰੋਲ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਸਮੱਸਿਆਵਾਂ ਦਾ ਨੋਟਿਸ ਲਿਆ ਜਿੱਥੇ ਉਹ ਪੈਦਾ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਸਬੰਧੀ ਤੁਰੰਤ ਕਾਰਵਾਈ ਦਾ ਅਗਲਾ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੂ ਨਾਲ ਨਜਿੱਠਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ।