ਮੁੱਖ ਮੰਤਰੀ ਵੱਲੋਂ ਵਿਕਸਤ ਖੇਤੀਬਾੜੀ ਸੰਕਲਪ ਮੁਹਿੰਮ ਦੀ ਸ਼ੁਰੂਆਤ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਮਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੇਸ਼ ਵਿਆਪੀ ਵਿਕਸਤ ਖੇਤੀਬਾੜੀ ਸੰਕਲਪ ਮੁਹਿੰਮ ਦੀ ਲੜੀ ਤਹਿਤ ਅੱਜ ਕੁਰੂਕਸ਼ੇਤਰ ਤੋਂ ਵਿਕਸਤ ਖੇਤੀਬਾੜੀ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਕਿਸਾਨਾਂ ਨੂੰ ਨਵੀਂ ਤਕਨਾਲੋਜੀ, ਯੋਜਨਾਵਾਂ ਤੇੇ ਨਵੀਨਤਾ ਨਾਲ ਜੋੜ ਕੇ ਖੇਤੀਬਾੜੀ ਖੇਤਰ ਵਿਚ ਸੁਧਾਰ ਕਰਨਾ ਹੈ। ਅੱਜ ਤੋਂ 12 ਜੂਨ ਤਕ ਸੂਬੇ ਭਰ ਵਿਚ ਚਲਾਈ ਜਾ ਰਹੀ ਇਹ ਮੁਹਿੰਮ ਕਿਸਾਨਾਂ ਨੂੰ ਸਮਰੱਥ ਬਣਾਉਣ ਦੀ ਵਚਨਬੱਧਤਾ ਦਾ ਇੱਕ ਮਜ਼ਬੂਤ ਸਬੂਤ ਹੈ। ਇਸ ਪ੍ਰੋਗਰਾਮ ਵਿੱਚ ਸੂਬਾ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਕਿਸਾਨਾਂ ਦੀ ਸਖਤ ਮਿਹਨਤ, ਸਬਰ ਤੇ ਸਮਰਪਣ ਕਾਰਨ ਅੱਜ ਦੇਸ਼ ਅਨਾਜ ਪੈਦਾਵਾਰ ਵਿੱਚ ਆਤਮ-ਨਿਰਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰੋਗਰਾਮ ਹੀ ਨਹੀਂ ਹੈ, ਸਗੋਂ ਇੱਕ ਜਨ ਅੰਦੋਲਨ ਹੈ ਜੋ ਕਿਸਾਨਾਂ ਨੂੰ ਗਿਆਨ, ਨਵੀਨਤਾ ਤੇ ਤਕਨਾਲੋਜੀ ਨਾਲ ਸਮਰੱਥ ਬਨਾਉਣ ਵੱਲ ਅਹਿਮ ਕਦਮ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਵਿਕਸਤ, ਮਜ਼ਬੂਤ ਤੇ ਖੁਸ਼ਹਾਲ ਭਾਰਤ ਤਾਂ ਹੀ ਸੰਭਵ ਹੋਵੇਗਾ ਜਦੋਂ ਸਾਡਾ ਕਿਸਾਨ ਖੁਸ਼ ਤੇ ਸਵੈ-ਨਿਰਭਰ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਇਕ ਖੇਤੀ ਬਾੜੀ ਸੂਬਾ ਹੈ। ਇਸ ਸਮੇਂ ਜਲਵਾਯੂ ਪਰਿਵਤਨ, ਪਾਣੀ ਦਾ ਸੰਕਟ, ਜ਼ਮੀਨ ਦੀ ਘਟਦੀ ਉਪਜਾਊ ਸ਼ਕਤੀ ਤੇ ਬਾਜ਼ਾਰ ਦੀਆਂ ਬਦਲਦੀਆਂ ਮੰਗਾਂ, ਇਹ ਸਾਰੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ। ਵਿਕਸਤ ਕ੍ਰਿਸ਼ੀ ਸੰਕਲਪ ਮੁਹਿੰਮ ਕਿਸਾਨਾਂ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਮਰੱਥ ਬਣਾਏਗਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵਿਕਸਤ ਖੇਤੀਬਾੜੀ ਸੰਕਲਪ ਮੁਹਿੰਮ ਨੂੰ ਇਕ ਜਨ ਲਹਿਰ ਵਿਚ ਬਦਲ ਕੇ ਭਾਰਤ ਨੂੰ ਇਕ ਵਾਰ ਫਿਰ ਵਿਕਸਤ ਦੇਸ਼ ਬਣਾਉਣ ਲਈ ਫੈਸਲਾਕੁਨ ਕਦਮ ਚੁੱਕਣ ਦਾ ਸੱਦਾ ਦਿੱਤਾ।
ਝੋਨੇ ਦੀ ਸਿੱਧੀ ਬਿਜਾਈ ’ਤੇ ਜ਼ੋਰ
ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੇਸ਼ ਵਿਚ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ 15 ਰੋਜ਼ਾ ਵਿਕਸਤ ਖੇਤੀਬਾੜੀ ਸੰਕਲਪ ਮੁਹਿੰਮ ਪ੍ਰੋਗਰਾਮ ਸ਼ੁਰੂ ਕੀਤਾ ਹੈ। ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿੱਧੀ ਯੋਜਨਾ ਲਾਗੂ ਕਰਕੇ ਹਰੇਕ ਕਿਸਾਨ ਦੇ ਖਾਤੇ ਵਿਚ ਪ੍ਰਤੀ ਸਾਲ 6 ਹਜ਼ਾਰ ਰੁਪਏ ਦੇਣੇ ਸ਼ੁਰੂ ਕੀਤੇ ਹਨ ਤੇ ਹੁਣ ਤਕ 19 ਕਿਸ਼ਤਾਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਤੇ ਬਹੁਤ ਜ਼ਿਆਦਾ ਖਰਚਾ ਕਰਨਾ ਪੈਂਦਾ ਹੈ ਤੇ ਇਸ ਖਰਚੇ ਨੂੰ ਘਟਾਉਣ ਲਈ ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।