ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਗਏ ਨੂੰ ਚੌਕੀ ’ਚ ਬੰਦ ਕੀਤਾ
ਬੀਰਬਲ ਰਿਸ਼ੀ
ਧੂਰੀ, 23 ਮਈ
ਪਿੰਡ ਭੁੱਲਰਹੇੜੀ ਦੇ ਸਾਬਕਾ ਸਰਪੰਚ ਭੀਮਾ ਸਿੰਘ ਨੇ ਆਪਣੇ ਸ਼ਹੀਦ ਭਰਾ ਦੇ ਨਾਮ ’ਤੇ ਯਾਦਗਾਰੀ ਗੇਟ ਬਣਾਉਣ ਸਬੰਧੀ ਮੰਗ ਪੱਤਰ ਦੇਣਤ ਤੋਂ ਪਹਿਲਾਂ ਹੀ ਪਿੰਡ ਭਲਵਾਨ ਦੀ ਪੁਲੀਸ ਚੌਕੀ ਵਿੱਚ ਬੰਦ ਕਰਨ ਤੇ ਕਥਿਤ ਤੌਰ ’ਤੇ ਦੁਰਵਿਹਾਰ ਕਰਨ ਦੇ ਦੋਸ਼ ਲਾਏ ਹਨ। ਪੀੜਤ ਵਿਅਕਤੀ ਨੇ ਮੁੱਖ ਮੰਤਰੀ ਕੋਲੋਂ ਮਾਮਲੇ ਦੀ ਜਾਂਚ ਮੰਗੀ ਹੈ। ਸਾਬਕਾ ਸਰਪੰਚ ਭੀਮਾ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਛੋਟੇ ਭਰਾ, ਜੋ ਸੀਆਰਪੀਐੱਫ ਦੀ 98 ਬਟਾਲੀਅਨ ਵਿੱਚ ਤਾਇਨਾਤ ਸੀ ਤੇ ਸਾਲ 1998 ਵਿੱਚ ਮਨੀਪੁਰ ਇੰਫਾਲ ਵੋਟਾਂ ’ਚ ਡਿਊਟੀ ਦੌਰਾਨ ਹੋਏ ਮੁਕਾਬਲੇ ਵਿੱਚ ਸ਼ਹੀਦ ਹੋਇਆ ਸੀ। ਸਨ। ਆਪਣੇ ਭਰਾ ਦੀ ਯਾਦ ਵਿੱਚ ਗੇਟ ਬਣਾਉਣ ਲਈ ਉਹ 2016 ਤੋਂ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਕੱਟ ਰਿਹਾ ਹੈ ਜਿਸ ਸਬੰਧੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪਿੰਡ ਭੁੱਲਰਹੇੜੀ ਪਹੁੰਚਣ ’ਤੇ ਮੰਗ ਪੱਤਰ ਸੌਂਪਣਾ ਸੀ। ਭੀਮਾ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਪੁਲੀਸ ਨਾਲ ਗੱਲ ਕੀਤੀ ਤਾਂ ਉਹ ਮੁੱਖ ਮੰਤਰੀ ਨੂੰ ਮਿਲਾਉਣ ਦੀ ਭਰੋਸਾ ਦੇ ਕੇ ਉਸ ਨੂੰ ਭਲਵਾਨ ਚੌਕੀ ਲੈ ਗਏ ਅਤੇ ਕਈ ਘੰਟੇ ਮਗਰੋਂ ਮੁੱਖ ਮੰਤਰੀ ਦੇ ਵਾਪਸ ਜਾਣ ਉਪਰੰਤ ਉਸ ਨੂੰ ਛੱਡਿਆ ਗਿਆ। ਚੌਕੀ ਭਲਵਾਨ ਦੇ ਇੰਚਾਰਜ ਸੱਤਪ੍ਰਕਾਸ਼ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੁੱਖ ਮੰਤਰੀ ਨਾਲ ਕਿਸ ਨੂੰ ਮਿਲਾਉਣਾ ਹੈ ਇਹ ਸਕਿਓਰਿਟੀ ਦਾ ਕੰਮ ਹੈ। ਉਨ੍ਹਾਂ ਕਿਹਾ ਇਹ ਸਾਰਾ ਕੁਝ ਉਨ੍ਹਾਂ ਦੀ ਡਿਊਟੀ ਦਾ ਹੀ ਹਿੱਸਾ ਹੈ।