ਮੁੱਖ ਮੰਤਰੀ ਦੀ ਕੋਠੀ ਅੱਗੇ ਤਨਖ਼ਾਹ ਲਈ ਡਟੇ ਮੁਲਾਜ਼ਮ
ਸੰਗਰੂਰ, 3 ਜਨਵਰੀ
ਪੰਜ ਮਹੀਨਿਆਂ ਦੀ ਤਨਖਾਹ ਜਾਰੀ ਕਰਾਉਣ ਅਤੇ ਹੋਰ ਜਾਇਜ਼ ਮੰਗਾਂ ਮੰਨਵਾਉਣ ਲਈ ਖੇਤੀਬਾੜੀ ਵਿਭਾਗ ਦੀ ਆਤਮਾ ਯੋਜਨਾ ਦੇ ਮੁਲਾਜ਼ਮਾਂ ਵਲੋਂ ਦੂਜੇ ਦਿਨ ਵੀ ਮੁੱਖ ਮੰਤਰੀ ਦੀ ਕੋਠੀ ਨੇੜੇ ਸੜਕ ’ਤੇ ਆਵਾਜਾਈ ਠੱਪ ਕਰ ਕੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕਰਦਿਆਂ ਸਰਕਾਰ ਦੇ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਧੀਨ ਚੱਲ ਰਹੀ ਆਤਮਾ ਯੋਜਨਾ ਦੇ ਮੁਲਾਜ਼ਮ ਲੰਘੇ ਦਿਨ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਸਨ ਜੋ ਕਿ ਸਾਰਾ ਦਿਨ ਮੁੱਖ ਮੰਤਰੀ ਦੀ ਕੋਠੀ ਨੇੜੇ ਰੋਸ ਧਰਨੇ ’ਤੇ ਡਟੇ ਰਹੇ ਪਰ ਕੋਈ ਸੁਣਵਾਈ ਨਾ ਹੋਣ ’ਤੇ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰਤਾਪ ਸਿੰਘ ਔਲਖ ਨੇ ਦੱਸਿਆ ਕਿ ਤਨਖਾਹਾਂ ਜਾਰੀ ਕਰਾਉਣ ਲਈ ਬਲਾਕ, ਜ਼ਿਲ੍ਹਾ ਅਤੇ ਪੰਜਾਬ ਪੱਧਰ ’ਤੇ ਰੋਸ ਧਰਨੇ ਦਿੱਤੇ ਗਏ ਪਰ ਸਿਰਫ ਭਰੋਸੇ ਹੀ ਮਿਲਦੇ ਰਹੇ ਜਦੋਂ ਕਿ ਤਨਖਾਹਾਂ ਜਾਰੀ ਨਾ ਹੋਈਆਂ। ਹੁਣ ਆਤਮਾ ਯੋਜਨਾ ਦੇ ਮੁਲਾਜ਼ਮ ਪੰਜ ਮਹੀਨਿਆਂ ਦੀ ਤਨਖਾਹ ਤੋਂ ਵਾਂਝੇ ਹਨ ਜਿਨ੍ਹਾਂ ਨੂੰ ਭਾਰੀ ਆਰਥਿਕ ਤੇ ਮਾਨਸ਼ਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਕਨਵੀਨਰ ਕੁਲਦੀਪ ਸਿੰਘ, ਮੀਡੀਆ ਸਲਾਹਕਾਰ ਗਗਨਦੀਪ ਸਿੰਘ ਚੀਮਾਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਤੇ ਸੁਣਵਾਈ ਨਾ ਹੋਈ ਤਾਂ ਆਖ਼ਰਕਾਰ ਮੁਲਾਜ਼ਮਾਂ ਨੂੰ ਲੰਘੇ ਕੱਲ੍ਹ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਸੂਬਾ ਪੱਧਰੀ ਮੋਰਚਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਰੋਸ ਧਰਨੇ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਈ ਜਿਸ ਕਾਰਨ ਅੱਜ ਦੂਜੇ ਦਿਨ ਵੀ ਧਰਨੇ ਉਪਰ ਡਟਣਾ ਪਿਆ ਹੈ। ਆਤਮਾ ਸਕੀਮ ਤਹਿਤ ਪੰਜਾਬ ਵਿਚ ਕਰੀਬ 450 ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਸ਼ਾਮ ਪੰਜ ਵਜੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਕੈਬਨਿਟ ਸਬ ਕਮੇਟੀ ਨਾਲ 10 ਜਨਵਰੀ ਦੀ ਮੀਟਿੰਗ ਤੈਅ ਕਰਵਾਈ ਗਈ ਅਤੇ 24 ਜਨਵਰੀ ਤੱਕ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਮਗਰੋਂ ਧਰਨਾ ਸਮਾਪਤ ਹੋਇਆ।