ਮੁੱਖ ਮੰਤਰੀ ਅੱਜ ਜਲੰਧਰ ਤੋਂ ਬਨਾਰਸ ਲਈ ਰੇਲ ਗੱਡੀ ਨੂੰ ਕਰਨਗੇ ਰਵਾਨਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਫਰਵਰੀ
ਮੁੱਖ ਅੰਸ਼
- ਡਿਪਟੀ ਕਮਿਸ਼ਨਰ ਤੇ ਪੁਲੀਸ ਕਮਿਸ਼ਨਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
- ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵੱਡੀ ਗਿਣਤੀ ਸ਼ਰਧਾਲੂ ਰੇਲਗੱਡੀ ਰਾਹੀਂ ਜਾਣਗੇ ਬਨਾਰਸ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਫਰਵਰੀ ਵੀਰਵਾਰ ਨੂੰ ਬਨਾਰਸ ਲਈ ਸ਼ਰਧਾਲੂਆਂ ਨਾਲ ਭਰੀ ਰੇਲ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਦੋਵੇਂ ਅਧਿਕਾਰੀਆਂ ਨੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਮਾਗਮ ਸਬੰਧੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਡੇਰਾ ਬੱਲਾਂ ਦੀ ਮੈਨੇਜਮੈਂਟ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਨਾਲ ਭਰੀ ਰੇਲ ਗੱਡੀ ਸਿਟੀ ਸਟੇਸ਼ਨ ਤੋਂ ਬਨਾਰਸ ਲਈ ਰਵਾਨਾ ਹੋਵੇਗੀ, ਜਿਸ ਨੂੰ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਗਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਹਰੇਕ ਇੰਤਜ਼ਾਮ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਕਰਮਚਾਰੀ ਵੱਲੋਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਦੋਵਾਂ ਅਧਿਕਾਰੀਆਂ ਨੇ ਸਮੁੱਚੇ ਸਮਾਗਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਾਹਨਾਂ ਦੀ ਪਾਰਕਿੰਗ, ਸ਼ਰਧਾਲੂਆਂ ਲਈ ਸਹੂਲਤਾਂ, ਸਟੇਜ, ਪਾਣੀ ਦੀ ਸਪਲਾਈ, ਸੈਨੀਟੇਸ਼ਨ, ਮੈਡੀਕਲ ਟੀਮਾਂ,ਕਾਨੂੰਨ ਵਿਵਸਥਾ, ਸੁਰੱਖਿਆ ਆਦਿ ਦੇ ਬੰਦੋਬਸਤ ਦਾ ਵੀ ਜਾਇਜ਼ਾ ਲਿਆ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਗਾ ਸਮਾਗਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ।
ਜਲੰਧਰ ਵਿੱਚ ਚਾਰ ਫਰਵਰੀ ਨੂੰ ਛੁੱਟੀ
ਗੁਰੂ ਰਵੀਦਾਸ ਜੀ ਦੇ 646 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ 4 ਫਰਵਰੀ ਨੂੰ ਜਲੰਧਰ ਸ਼ਹਿਰ ਵਿੱਚ ਸੋਭਾ ਯਾਤਰਾ ਕੱਢੀ ਜਾਵੇਗੀ। ਇਸ ਕਰਕੇ ਸ਼ਹਿਰ ਦੇ ਟਰੈਫਿਕ ਦੇ ਕਈ ਰੂਟ ਡਾਇਵਰਟ ਕੀਤੇ ਗਏ ਹਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਦਿਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁਖ ਰੱਖਦਿਆ ਪੰਜਾਬ ਸਰਕਾਰ ਦੇ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਛੁੱਟੀ ਰਹੇਗੀ।