ਮੁਹੱਬਤ ਦਾ ਮੁਜੱਸਮਾ-ਮਾਂ

ਜਗਜੀਤ ਸਿੰਘ ਲੋਹਟਬੱਦੀ
ਮਾਂ...ਕੀ ਹੈ? ਇਹ ਦੱਸਣ ਲਈ ਸ਼ਬਦ ਬੌਣੇ ਰਹਿ ਜਾਂਦੇ ਨੇ...ਕਲਮ ਨੂੰ ਤ੍ਰੇਲੀਆਂ ਆ ਜਾਂਦੀਆਂ ਨੇ...ਸਿਆਹੀ ਜੰਮਣ ਲੱਗਦੀ ਹੈ। ਮਮਤਾ ਦੀ ਮੂਰਤ ਦੀ ਮਹਿਮਾ ਬਿਆਨ ਕਰਨੀ ਸੌਖੀ ਹੈ ਭਲਾ? ਅੰਬਰ ਦੇ ਤਾਰੇ ਗਿਣੇ ਜਾ ਸਕਦੇ ਨੇ ਕਦੇ? ਸੁੱਚੇ ਮੋਤੀਆਂ ਦੀ ਸ਼ੁੱਧਤਾ ਦਾ ਅੰਦਾਜ਼ਾ ਲਾ ਸਕਿਆ ਕੋਈ? ਮਾਂ ਗੁਜਰੀ ਜਿਹਾ ਵਸੀਹ ਜਿਗਰਾ ਪੜਿ੍ਹਐ ਕਿਸੇ ਇਤਿਹਾਸ ’ਚ?
ਕੋਈ ਗ਼ੈਬੀ ਤਾਕਤ ਹੁੰਦੀ ਐ ਮਾਂ ਦੇ ਚਰਨਾਂ ਵਿੱਚ। ਰੱਬ ਨੇ ਧਰਤ ’ਤੇ ਜ਼ਰੂਰ ਕਿਸੇ ਦੈਵੀ ਰੂਹ ਦਾ ਅਵਤਾਰ ਬਣਾ ਭੇਜਿਆ। ਮੋਹ ਮੁਹੱਬਤ ਦਾ ਮੁਜੱਸਮਾ...ਸਾਗਰ ਜਿਹੀ ਵਿਸ਼ਾਲਤਾ... ਮਿਸ਼ਰੀ ਵਰਗੀ ਮਿਠਾਸ...ਵਿਸਮਾਦੀ ਹਵਾ ਦਾ ਬੁੱਲ੍ਹਾ। ਸਿਆਣੇ ਕਹਿੰਦੇ ਨੇ, ਗੱਲ ਸਕੂਨ ਦੀ ਹੋਵੇਗੀ; ਤੇ ਲਫ਼ਜ਼ ‘ਮਾਂ’ ਯਾਦ ਆਊਗਾ। ਮਾਂ ਦੀ ਗੋਦ ’ਚ ਸਵਰਗਾਂ ਦਾ ਸਿਰਨਾਵਾਂ ਹੁੰਦੈ। ਇਬਾਦਤ ਦਾ ਹੀ ਦੂਜਾ ਨਾਂ ਹੈ-ਮਾਂ:
ਜਦ ਜਦ ਕਾਗ਼ਜ਼ ’ਤੇ ਲਿਖਿਆ...
ਮੈਂ ਮਾਂ ਦਾ ਨਾਮ
ਕਲਮ ਵੀ ਅਦਬ ਨਾਲ ਬੋਲ ਉੱਠੀ
ਹੋ ਗਏ ਚਾਰੋਂ ਧਾਮ...
ਮਾਂ ਕੁਦਰਤ ਦੀ ਇੱਕ ਵਿਲੱਖਣ ਕਲਾਕ੍ਰਿਤ ਹੈ। ਪ੍ਰੋ. ਮੋਹਨ ਸਿੰਘ ਦਾ ਇਹ ‘ਘਣਛਾਵਾਂ ਬੂਟਾ’ ਜੜੋਂ ਸੁੱਕ ਕੇ ਨਹੀਂ, ਸਗੋਂ ਫੁੱਲਾਂ ਦੇ ਮੁਰਝਾਉਣ ’ਤੇ ਸੁੱਕਦੈ। ਦੁਨੀਆ ਦੇ ਕਿਸੇ ਵੀ ਜੀਵ ਨੂੰ ਜੱਗ ਜਣਨੀ ਦਾ ਰੁਤਬਾ ਹਾਸਲ ਨਹੀਂ, ਸਿਰਫ਼ ਤੇ ਸਿਰਫ਼ ਮਾਂ ਨੂੰ ਹੈ। ਮਾਂ ਹੀ ਰਾਜਿਆਂ ਮਹਾਰਾਜਿਆਂ ਦੀ ਜਨਮ ਦਾਤੀ ਹੈ। ਮਾਂ ਦਾ ਰਿਸ਼ਤਾ ਮਨੁੱਖ ਜਾਤੀ ਤੋਂ ਬਿਨਾਂ ਪਸ਼ੂ ਪੰਛੀਆਂ ਦੀਆਂ ਸਮੁੱਚੀਆਂ ਜਾਤਾਂ ਵਿੱਚ ਵੀ ਇੱਕ ਸਮਾਨ ਹੈ। ਮਾਂ ਹੀ ਸਾਡੀ ਪਹਿਲੀ ਅਧਿਆਪਕ ਅਤੇ ਗੁਰੂ ਹੈ। ਲੋਰੀਆਂ, ਅਸੀਸਾਂ, ਮੋਹ ਦੀਆਂ ਕਥਾਵਾਂ ਨਾਲ ਪਰੁੱਚਿਆ ਸਾਡਾ ਬਚਪਨ ਮਾਂ ਦੀ ਹੀ ਅਣਮੋਲ ਭੇਂਟ ਐ। ਮਾਂ ਦਾ ਦਰਜਾ ਧਰਤੀ ਮਾਤਾ ਦੇ ਸਮਾਨ ਐ, ਜਿੱਥੋਂ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਐ। ਇੱਕ ਕੋਰੀਆਈ ਕਹਾਵਤ ਹੈ ਕਿ ਜਦ ਤੱਕ ਮਾਵਾਂ ਰਹਿਣਗੀਆਂ, ਤਦ ਤੱਕ ਰੱਬ ਵਿੱਚ ਵਿਸ਼ਵਾਸ ਬਣਿਆ ਰਹੇਗਾ। ਇਹ ਰੱਬ ਦਾ ਦੂਜਾ ਰੂਪ ਹੀ ਤਾਂ ਹੈ;
ਅਨੇਕਾਂ ਰੂਪ ਸੋਚੇ
ਅੰਤ ਮਾਂ ਦੇ ਰੂਪ ਨੂੰ ਚੁਣਿਆ
ਖ਼ੁਦਾ ਧਰਤੀ ’ਤੇ
ਆ ਸਕਦਾ ਸੀ
ਆਖਰ ਹੋਰ ਕੀ ਬਣ ਕੇ (ਹਰਦਿਆਲ ਸਾਗਰ)
ਓਸ਼ੋ ਦਾ ਕਥਨ ਹੈ ਕਿ ਇਸਤਰੀ ਮਾਂ ਬਣੇ ਬਿਨਾਂ ਆਪਣੇ ਆਪ ਨੂੰ ਸੰਪੂਰਨ ਨਹੀਂ ਸਮਝਦੀ। ਮਾਂ ਬਣਨ ’ਤੇ ਉਸ ਦੀ ਸ਼ਖ਼ਸੀਅਤ ਦਾ ਨਿਖਾਰ ਪ੍ਰਗਟ ਹੁੰਦਾ ਹੈ। ਸੁੱਚੇ ਦੁੱਧ ਦੀ ਪਹਿਲੀ ਬੂੰਦ ਦਾ ਅਹਿਸਾਸ ਅੰਮ੍ਰਿਤਮਈ ਹੁੰਦੈ। ਪਰਿਵਾਰ ਦੀ ਖਿੜੀ ਫੁਲਵਾੜੀ ਹੀ ਮਾਂ ਨੂੰ ਢਾਰਸ ਦਿੰਦੀ ਐ। ਦੁਨਿਆਵੀ ਅਲਾਮਤਾਂ ਤੋਂ ਬਚਾਉਣ ਲਈ ਕਾਲਾ ਟਿੱਕਾ ਲਾਉਣਾ ਅਤੇ ਮਿਰਚਾਂ ਵਾਰਨੀਆਂ ਮਾਂ ਦੇ ਹਿੱਸੇ ਆਈਆਂ ਨੇ। ਉਸ ਨੂੰ ਧਾਰਨਾ ਹੀ ਨਹੀਂ, ਪੱਕਾ ਵਿਸ਼ਵਾਸ ਹੁੰਦਾ ਕਿ ਭੈੜੀਆਂ ਰੂਹਾਂ ਹੁਣ ਉਸ ਦੇ ਜਾਇਆਂ ਦਾ ਕੁੱਝ ਵਿਗਾੜਨ ਜੋਗੀਆਂ ਨਹੀਂ। ਇਹੀ ਮਾਂ ਦੀ ਕਰਾਮਾਤ ਹੈ; ਇਹੀ ਉਸ ਦੀ ਅਸੀਮ ਤਾਕਤ ਹੈ, ਜੋ ਉਸ ਨੂੰ ਖ਼ੁਦ ਖ਼ੁਦਾ ਨੇ ਬਖ਼ਸ਼ੀ ਹੈ। ਅਲੌਕਿਕ ਗੁਣਾਂ ਦਾ ਸੰਗਮ! ਨਾਮੀ ਸ਼ਾਇਰ ਆਤਮਜੀਤ ਦੇ ਸ਼ਬਦ ਹਨ;
ਮਾਂ ਤੂੰ ਮਮਤਾ ਹੈਂ...ਮਾਂ ਤੂੰ ਮਹਿਕ ਹੈਂ...
ਮਾਂ ਤੂੰ ਮੰਦਰ ਹੈਂ...ਮਾਂ ਤੂੰ ਮੁਸਾਫ਼ਰ ਹੈਂ...
ਮਾਂ ਤੂੰ ਮੇਘਲਾ ਹੈਂ...ਮਾਂ ਤੂੰ ਮੁਕੱਦਸ ਹੈਂ...
ਮਾਂ ਮੇਰੀ ਮੁਹੱਬਤ ਹੈ...
ਪਹਿਲੀ, ਪੀਡੀ ਤੇ ਪਾਗਲ ਮੁਹੱਬਤ...
ਮਾਂ ਜੇਹਾ ਮਿਹਰਬਾਨ ਕੌਣ ਹੈ?
ਮਾਂ ਕਦੇ ਕਿਸੇ ਦੀ ਔਲਾਦ ਦਾ ਬੁਰਾ ਨਹੀਂ ਚਿਤਵਦੀ। ਉਸ ਦਾ ਦੇਵਰੂਪ ਹੈ...ਰੋਸ਼ਨੀ ਵੰਡਣਾ। ਕਵੀ ਸੁਖਮਿੰਦਰ ਸੇਖੋਂ ਮਾਂ ਦੀ ਤੁਲਨਾ ਮੋਮਬੱਤੀ ਨਾਲ ਕਰਦੈ:
ਮੋਮਬੱਤੀ ਪਿਘਲਦੀ ਹੈ...
ਮਾਂ ਵੀ ਪਿਘਲਦੀ ਹੈ...
ਪਰ ਦੋਵਾਂ ਵਿੱਚ ਵੱਡਾ ਅੰਤਰ...
ਮਾਂ ਪਿਘਲ ਕੇ ਵੀ
ਸਾਬਤ ਸਬੂਤੀ ਰਹਿੰਦੀ
ਜਦੋਂ ਕਿ ਮੋਮਬੱਤੀ ...
ਪਿਘਲ ਕੇ ਢਲ ਜਾਂਦੀ।
ਮਾਂ ਤੇ ਮੋਮਬੱਤੀ ਵਿੱਚ ਬਸ ਇੱਕੋ ਫ਼ਰਕ
ਪਹਿਲੀ ਬਾਹਰ ਨੂੰ ਚਾਨਣ ਵੰਡਦੀ
ਦੂਸਰੀ ਅੰਦਰ ਨੂੰ ਰੱਖੇ ਰੋਸ਼ਨ।
ਕਿੰਨੇ ਖ਼ੁਸ਼ਕਿਸਮਤ ਨੇ ਉਹ ਲੋਕ, ਜਿਨ੍ਹਾਂ ਦੀਆਂ ਮਾਵਾਂ ਜਿਊੁਂਦੀਆਂ ਨੇ। ਸ਼ੁਕਰ ਕਰੋ, ਜੇ ਘਰ ਵਿੱਚ ਮਾਂ ਮੌਜੂਦ ਹੈ। ਮਾਂ ਨਾਲ ਦੁਨੀਆ ਵੱਸਦੀ ਐ। ਔਖੀ ਘੜੀ ਵਿੱਚ ਸਭ ਤੋਂ ਪਹਿਲਾਂ ਬੁੱਲ੍ਹਾਂ ’ਤੇ ਨਾਮ ‘ਮਾਂ’ ਦਾ ਹੀ ਆਊਗਾ ਤੇ ਉਹੀ ਤੁਹਾਡੀ ਪਨਾਹਗੀਰ ਹੋਵੇਗੀ। ਦੁਸ਼ਵਾਰੀਆਂ ਦੇ ਪਲਾਂ ਵਿੱਚ ਤੁਹਾਡੀ ਨਜ਼ਰ ਮਾਂ ਨੂੰ ਭਾਲਦੀ ਫਿਰੇਗੀ, ਜਿਹਨੇ ਬਚਪਨ ਤੋਂ ਹੀ ਤੁਹਾਡੇ ਗ਼ਮਗੀਨ ਛਿਣਾਂ ਨੂੰ ਆਪਣੇ ਪੱਲੂ ਵਿੱਚ ਛੁਪਾਇਆ ਸੀ; ਜਿਸ ਨੇ ਪਰੀ ਕਹਾਣੀਆਂ ਸੁਣਾ ਕੇ ਤੁਹਾਨੂੰ ਆਦਮ ਕੱਦ ਦਿਓ ਤੋਂ ਬਚਾਉਣ ਲਈ ਸਿਰ ਉਤਲੀ ਚੁੰਨੀ ਦਾ ਛਤਰ ਤਾਣਿਆ ਸੀ। ਕਿੰਨੇ ਜ਼ਫ਼ਰ ਜਾਲੇ ਹੁੰਦੇ ਨੇ ਮਾਂ ਨੇ ਸਾਡੇ ਬਾਲ-ਵਰੇਸ ਵਿੱਚ, ਉਹ ਵੀ ਬਿਨਾਂ ਕਿਸੇ ਇਵਜ਼ਾਨੇ ਤੋਂ? ਬਲਜਿੰਦਰ ਸਿੰਘ ਆਸਟਰੇਲੀਆ ਮਾਂ ਨੂੰ ਯਾਦ ਕਰਦੈ;
ਬਿਜਲੀ ਲਿਸ਼ਕਾਂ ਮਾਰਦੀ ਦੇਖ ਕੇ
ਮਾਂ ਚੇਤੇ ਆ ਗਈ...
ਮਾਂ ਚੁੰਨੀਆਂ, ਚਾਦਰਾਂ ਨਾਲ, ਸ਼ੀਸ਼ੇ ਢਕਦੀ
ਕਾਲਾ ਤਵਾ ਜਾਂ ਪਰਾਤ, ਵਿਹੜੇ ’ਚ ਮੂਧਾ ਮਾਰਦੀ
ਛੁੱਟੀਆਂ ਕੱਟਣ ਨਾਨਕੇ ਘਰ ਆਏ
ਮੇਰੇ ਭਾਣਜੇ ਭਾਣਜੀਆਂ ਨਾਲੋਂ
ਵੱਖਰੇ ਕਮਰੇ ਵਿੱਚ, ਮੈਨੂੰ ਜਾ ਲਿਟਾਉਂਦੀ।
ਮਾਂ ਚੇਤੇ ਆ ਗਈ
ਜਦ ਬਿਜਲੀ ਲਿਸ਼ਕਾਂ ਮਾਰਦੀ ਦੇਖੀ।
ਮਾਂ ਸਾਨੂੰ ਪਰਵਾਜ਼ ਭਰਨਾ ਵੀ ਸਿਖਾਉਂਦੀ ਹੈ ਤੇ ਇਸੇ ਵਿਯੋਗ ਦਾ ਸਭ ਤੋਂ ਵੱਧ ਸੇਕ ਵੀ ਮਾਂ ਦੇ ਹਿੱਸੇ ਹੀ ਆਉਂਦੈ। ਪੁੱਤਰ ਵਿਛੋੜੇ ਵਿੱਚ ਰੋ ਰੋ ਅੰਨ੍ਹੀ ਹੋਈ ਰਾਣੀ ਇੱਛਰਾਂ ਨੂੰ ਪੂਰਨ ਦੀ ਆਮਦ ਦੀ ਖ਼ਬਰ ਹੀ ਠੰਢੀ ਹਵਾ ਦਾ ਬੁੱਲ੍ਹਾ ਲੈ ਕੇ ਆਉਂਦੀ ਐ;
ਯੇ-ਯਾਦ ਨਾ ਮਾਤਾ ਨੂੰ ਗ਼ਮ ਰਿਹਾ
ਪੜ੍ਹਦੇ ਬੇ-ਦੀਦੇ ਸੁਣ ਕੇ ਖੁੱਲ੍ਹ ਗਏ
ਪੂਰਨ ਦੇਖਦੀ ਨੂੰ ਥਣੀਂ ਦੁੱਧ ਪਇਆ
ਧਾਰ ਮੁੱਖ ਪਰਨਾਲੜੇ ਚੱਲ ਗਏ (ਕਾਦਰ ਯਾਰ)
ਵਿਦੇਸ਼ੀਂ ਬੈਠੇ ਹਜ਼ਾਰਾਂ ਪੁੱਤ ਉਨ੍ਹਾਂ ਝੁਰੜੀਆਂ ਭਰੇ ਹੱਥਾਂ ਦੀਆਂ ਰੋਟੀਆਂ ਦੀ ਮਿਠਾਸ ਨੂੰ ਖਿਆਲੀਂ ਤਰਸਦੇ ਨੇ ਤੇ ਸੱਤ ਸਮੁੰਦਰੋਂ ਪਾਰ ਵੱਸਦੀ ਮਾਂ ਨੂੰ ਵੀ ਪੁੱਤ ਦੀ ਭੁੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ, “ਪੀਜ਼ਿਆਂ ਬਰਗਰਾਂ ਨਾਲ ਕਿੱਥੇ ਪੇਟ ਝੁਲਸਿਆ ਜਾਂਦੈ?” ਇਸ ਤੋਂ ਵੱਧ ਜਜ਼ਬਾਤੀ ਰਿਸ਼ਤਾ ਹੋਰ ਕਿਹੜਾ ਹੁੰਦੈ? ਪਰਾਈਆਂ ਧਰਤੀਆਂ ’ਤੇ ਬੈਠਿਆਂ ‘ਵੇ ਅਕਬਰਾ’ ਕੀਹਨੇ ਕਹਿਣਾ? ਚੰਦ ਛਿੱਲੜ ਪੈਰਾਂ ਦੀਆਂ ਬੇੜੀਆਂ ਬਣ ਜਾਂਦੇ ਨੇ। ਪੁੱਤ ਨੂੰ ਵੀ ਤੜਫ਼ਣਾ ਹੁੰਦੀ ਆ ਕਿ ਕਦੋਂ ਵਾਪਸ ਜਾ ਕੇ ਜਨਮ ਦਾਤੀ ਦਾ ਚਿਹਰਾ ਆਪਣੇ ਹੱਥਾਂ ਵਿੱਚ ਲੈ ਲਵਾਂ, ਝੋਲੀ ਵਿੱਚ ਸਿਰ ਰੱਖ ਕੇ ਡਾਲਰ ਉਹਦੇ ਚਰਨਾਂ ਵਿੱਚ ਢੇਰੀ ਕਰ ਦੇਵਾਂ। ਸ਼ਾਇਦ ਬਹੁਤਿਆਂ ਦੀ ਕਿਸਮਤ ’ਚ ਇਹ ਵੀ ਨਹੀਂ ਵਾਪਰਦਾ। ਹੰਝੂ ਆਪ ਮੁਹਾਰੇ ਵਗ ਤੁਰਦੇ ਨੇ।
ਅਸੀਂ ਸੰਸਕਾਰੀ ਜੀਵ ਹਾਂ। ਸਾਡੇ ਗ੍ਰੰਥਾਂ ਵਿੱਚ ਮਾਂ ਨੂੰ ਰੱਬ ਤੋਂ ਵੱਡਾ ਦਰਜਾ ਦਿੱਤਾ ਹੋਇਐ। ਰਿਸ਼ੀਆਂ, ਮੁਨੀਆਂ, ਵਿਦਵਾਨਾਂ ਨੇ ਵੀ ਉੱਚ ਪਾਏਦਾਨ ਬਖ਼ਸ਼ਿਆ। ਫਿਰ ਇਹ ਬਿਰਧ ਆਸ਼ਰਮਾਂ ਵਿੱਚ ਬੈਠੀਆਂ ਮਾਵਾਂ ਕਿਸ ਦੀਆਂ ਨੇ? ਬਨਾਰਸ ਦੇ ਘਾਟਾਂ ’ਤੇ ਫਟੇ ਪੁਰਾਣੇ ਚੀਥੜਿਆਂ ਵਿੱਚ ਡੰਗ ਟਪਾਉਂਦੀਆਂ ਮਹਿਲਾਵਾਂ ਦਾ ਘਰ ਕਿੱਥੇ ਐ? ਕੌਣ ਹੈ ਇਨ੍ਹਾਂ ਦਾ ਵਾਰਿਸ? ਦਿਲ ’ਤੇ ਹੱਥ ਰੱਖ ਕੇ ਸੋਚਿਉ; ਮਾਂ ਦਾ ਦੇਣ ਦੇ ਰਹੇ ਹਾਂ? ਮਾਂ ਦਾ ਕਰਜ਼ਾ ਮੋੜਨ ਦੇ ਸਮਰੱਥ ਹਾਂ? ਮਾਂ ਨੇ ਤੁਹਾਡੇ ਕੋਲੋਂ ਕਦੇ ਕੁੱਝ ਮੰਗਿਆ ਹੈ? ਪਰਿਵਾਰ ਤੋਂ ਆਪਣੀ ਮਿਹਨਤ ਰੂਪੀ ਸਮੁੱਚੀ ਪੂੰਜੀ ਲੁਟਾਉਣ ਵਾਲੀ ਜਣਨੀ ਲਈ ਸਾਡੇ ਕੋਲ ਕਿੰਨਾ ਕੁ ਸਮਾਂ ਹੈ? ਉਸ ਦੀਆਂ ਲੋੜਾਂ ਤਾਂ ਨਿਹਾਇਤ ਸੀਮਿਤ ਨੇ। ਉਹ ਸਿਰਫ਼ ਤੁਹਾਡੇ ਦੋ ਪਿਆਰ ਭਰੇ ਬੋਲਾਂ ਦੀ ਤਲਬਗਾਰ ਹੈ। ਤੁਹਾਡੀ ਚੁੱਪ ਉਸ ਦੇ ਅੰਦਰ ਨੂੰ ਵੱਢ ਵੱਢ ਖਾਂਦੀ ਹੈ ਕਿ ਉਸ ਦੀ ਔਲਾਦ ਨੂੰ ਕੋਈ ਗ਼ਮ ਹੈ। ਉਹ ਆਪਣਾ ਅੰਦਰ ਫਰੋਲਣਾ ਚਾਹੁੰਦੀ ਹੈ। ਨਿੱਕੀਆਂ ਜਿੰਦੜੀਆਂ ਵਿੱਚ ਆਪਣਾ ਭਵਿੱਖ ਦੇਖਦੀ ਐ। ਉਸ ਦਾ ਕਮਜ਼ੋਰ ਜਿਹਾ ਚਿਹਰਾ ਤੇ ਕੰਬਦੇ ਹੱਥ ਆਉਣ ਵਾਲੀਆਂ ਪੀੜ੍ਹੀਆਂ ਲਈ ਹੀ ਅੰਬਰ ’ਚੋਂ ਦੁਆਵਾਂ ਮੰਗਦੇ ਨੇ। ਉਸ ਨੂੰ ਹੋਰ ਆਪਣੇ ਲਈ ਕਿਸੇ ਸਵਰਗ ਦੀ ਚੇਸ਼ਟਾ ਨਹੀਂ ਹੁੰਦੀ। ਆਪਣੀਆਂ ਨਿੱਕੀਆਂ ਨਿੱਕੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਲੋਚਦੀ ਹੈ। ਸ਼ਾਇਰ ਤ੍ਰੈਲੋਚਨ ਲੋਚੀ ਮਾਂ ਦੀ ਨਬਜ਼ ’ਤੇ ਹੱਥ ਰੱਖਦੈ;
ਦਿਨ ਚੜਿ੍ਹਆ ਤਾਂ ਸਾਰੇ ਤੁਰ ਗਏ ਕੰਮਾਂ ਨੂੰ
ਜੋ ਅੰਮੀ ਨੂੰ ਆਇਆ ਸੁਪਨਾ ਕੌਣ ਸੁਣੇ?
ਡਾ. ਦਲੀਪ ਕੌਰ ਟਿਵਾਣਾ ਲਿਖਦੀ ਹੈ: “ਮੇਰੇ ਇੱਕ ਨਾਵਲ ਦਾ ਨਾਮ ਹੈ ‘ਰਿਣ ਪਿੱਤਰਾਂ ਦਾ’, ਪਰ ਮੇਰਾ ਬੇਟਾ ਹਮੇਸ਼ਾਂ ਆਖਦਾ ਹੈ ‘ਰਿਣ ਪੁੱਤਰਾਂ ਦਾ’। ਪਹਿਲਾਂ ਮੈਂ ਉਸ ਦੀ ਇਸ ਗੱਲ ਉੱਪਰ ਹੱਸ ਛੱਡਦੀ ਸੀ, ਪਰ ਹੁਣ ਲੱਗਦੈ, ਸਾਡੇ ਸਮਿਆਂ ਦਾ ਇਹੋ ਸੱਚ ਹੈ ਕਿ ਅਸੀਂ ਪਿੱਤਰਾਂ ਦੇ ਰਿਣ ਨੂੰ ਭੁੱਲ ਕੇ ਬੱਚਿਆਂ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਹਾਂ। ਪਰ ਉਪਨਿਸ਼ਦਾਂ ਵਿੱਚ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕਲਯੁੱਗ ਵਿੱਚ ਮਨੁੱਖ ਦੇ ਪਿਛਲੇ ਜਨਮਾਂ ਦੇ ਦੁਸ਼ਮਣ ਉਹਦੇ ਘਰ ਬੱਚੇ ਬਣ ਕੇ ਜੰਮਣਗੇ। ਮਤਲਬ ਹੈ, ਤੁਹਾਨੂੰ ਸਭ ਤੋਂ ਵੱਧ ਦੁੱਖ ਤੁਹਾਡੇ ਬੱਚੇ ਹੀ ਦੇਣਗੇ।” ਕੌੜੀ ਸੱਚਾਈ ਤੋਂ ਮੂੰਹ ਮੋੜ ਸਕਦੇ ਹਾਂ?
ਪਿੰਡੋਂ ਫੋਨ ਆਇਆ। ਬੀਬੀ ਅਚਾਨਕ ‘ਚੁੱਪ’ ਹੋ ਗਈ ਐ। ਲੁਧਿਆਣੇ ਹਸਪਤਾਲ ਲਿਆਂਦਾ। ਫੈਮਿਲੀ ਡਾਕਟਰ ਨੇ ਦੱਸਿਆ, “ਬਰੇਨ ਹੈਮਰੇਜ ਹੈ...ਬਚਣਾ ਮੁਸ਼ਕਿਲ ਹੈ...ਵਾਪਸ ਲੈ ਜਾਉ...ਮਿੱਟੀ ਦੀ ਢੇਰੀ ਐ।” ਡਾਕਟਰ ਸਾਫ਼ ਦਿਲ ਸੀ, ਪਰ ਉਸ ਵੇਲੇ ਕਿੰਨੇ ਅੱਖਰੇ ਸਨ ਉਸ ਦੇ ਇਹ ਬੋਲ। ਜਿਊਂਦੇ ਜੀਅ ਕਿਵੇਂ ਮੰਨ ਲਈਏ ‘ਮਿੱਟੀ ਦੀ ਢੇਰੀ’? ਸਾਹਾਂ ਦੀ ਡੋਰ ਹੀ ਆਸਾਂ ਦਾ ਗਵਾਹ ਬਣਦੀ ਹੈ। ਸ਼ਾਇਦ ਕਰਜ਼ ਦਾ ਇੱਕ ਅੱਧ ਕਿਣਕਾ ਇਸੇ ਬਹਾਨੇ ਚੁਕਤਾ ਕਰ ਸਕੀਏ। ਦੀਵੇ ਦੀ ਲੋਅ ਮੱਧਮ ਹੁੰਦੀ ਗਈ। ਤਿੰਨ ਕੁ ਦਿਨਾਂ ਬਾਅਦ ਡਾਕਟਰ ਦੇ ਬੋਲ ਸੱਚ ਹੋ ਗਏ। ਮਿੱਟੀ ਵਿੱਚ ਸਮਾਅ ਗਈ ਮਾਂ। ਡਾ. ਧਰਮਪਾਲ ਸਾਹਿਲ ਦੀਆਂ ਸਤਰਾਂ ਮਨ ਮਸਤਕ ਵਿੱਚ ਤਾਜ਼ਾ ਹੋ ਉੱਠੀਆਂ;
ਬਚਪਨ ਵਿੱਚ
ਖਿਡਾਇਆ ਸੀ ਜਿਸ ਨੂੰ
ਆਪਣੀ ਗੋਦ ਵਿੱਚ
ਫੁੱਲਾਂ ਵਾਂਗ;
ਉਸੇ ਗੋਦ ਵਿੱਚ
ਸਿਮਟ ਗਈ ਹੈ ਮਾਂ
ਮੁੱਠੀ ਭਰ
ਫੁੱਲ ਬਣ ਕੇ।
ਗ਼ਮਗੀਨ ਪਲ ਯਾਦਾਂ ਦੀ ਪਟਾਰੀ ਬਣ ਜਾਂਦੇ ਨੇ। ਮਹੀਨ ਪਰਤਾਂ ਸੋਚਾਂ ਵਿੱਚ ਘੁੰਮਦੀਆਂ ਰਹਿੰਦੀਆਂ ਨੇ। ਸੇਵਾ ਭਾਵ ਦੇ ਖਿਣ ਜ਼ਿੰਦਗੀ ਦਾ ਸਰਮਾਇਆ ਬਣ ਜਾਂਦੇ ਨੇ। ਸ਼ਾਇਦ ਉੱਪਰਲੀ ਦਰਗਾਹ ਵਿੱਚ ਪ੍ਰਵਾਨ ਹੋ ਗਏ ਹੋਣ। ਲੋਕੀਂ ਸਾਲ ਵਿੱਚ ਇੱਕ ਦਿਨ ‘ਮਾ’ ਦਾ ਮਨਾਉਂਦੇ ਨੇ। ਕਦੇ ਮਾਂ ਤੋਂ ਬਿਨਾਂ ਵੀ ਦਿਨ ਹੁੰਦੈ? ਮਾਂ ਤਾਂ ਚੱਤੋ ਪਹਿਰ ਆਪਣੇ ਬੱਚਿਆਂ ਵਿੱਚ ਵੱਸਦੀ ਹੈ। ਉਸ ਦੀ ਸੁਗੰਧਤ ਰੂਹ ਸਾਰੇ ਆਲੇ ਦੁਆਲੇ ਨੂੰ ਮਹਿਕਾਈ ਰੱਖਦੀ ਹੈ। ਉਸ ਦੀਆਂ ਅਰਦਾਸਾਂ, ਅਰਜ਼ੋਈਆਂ ਹੀ ਤਾਂ ਸਾਡਾ ਕੀਮਤੀ ਖ਼ਜ਼ਾਨਾ ਬਣਦੀਆਂ ਹਨ। ਸ਼ਾਇਰ ਗੁਰਭਜਨ ਗਿੱਲ ਦੀ ਮਾਂ ਨੂੰ ਸ਼ਰਧਾਂਜਲੀ ਹੈ;
ਉਹ ਤਾਂ ਕੇਵਲ ਚੋਲਾ ਬਦਲੇ
ਕੌਣ ਕਹੇ ਮਾਂ ਮਰ ਜਾਂਦੀ ਹੈ।
ਪੁੱਤਰ ਧੀਆਂ ਅੰਦਰ ਉਹ ਤਾਂ
ਆਪਣਾ ਸਭ ਕੁੱਝ ਧਰ ਜਾਂਦੀ ਹੈ।
ਮਹਿਕ ਸਦੀਵੀ, ਮੋਹ ਦੀਆਂ ਤੰਦਾਂ
ਮਮਤਾ ਮੂਰਤ ਰੂਪ ਬਦਲਦੀ
ਕਿੰਨੇ ਮਹਿੰਗੇ ਅਸਲ ਖ਼ਜ਼ਾਨੇ
ਦੇ ਕੇ ਝੋਲੀ ਭਰ ਜਾਂਦੀ ਹੈ।
ਸੰਪਰਕ: 89684-33500