ਮੁਹਾਲੀ ਪੁਲੀਸ ਵੱਲੋਂ ਨਸ਼ਾ ਤਸਕਰ ਦਾ ਘਰ ਸੀਲ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 27 ਨਵੰਬਰ
ਮੁਹਾਲੀ ਪੁਲੀਸ ਵੱਲੋਂ ਅੱਜ ਇੱਕ ਹੋਰ ਨਸ਼ਾ ਤਸਕਰ ਭਾਗੀਰਥ ਉਰਫ਼ ਬਿੱਟੀ ਦੀ ਜਾਇਦਾਦ ਸੀਲ ਕੀਤੀ ਗਈ। ਉਸ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅੱਜ ਇੱਥੇ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮ ਭਾਗੀਰਥ ਨੂੰ ਪਹਿਲਾਂ 5 ਜੂਨ 2021 ਨੂੰ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ। ਕਰੀਬ ਡੇਢ ਸਾਲ ਬਾਅਦ 17 ਸਤੰਬਰ 2022 ਨੂੰ 27 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆ ਕੇ ਉਹ ਦੁਬਾਰਾ ਨਸ਼ੇ ਵੇਚਣ ਲੱਗ ਗਿਆ। ਇਸ ਤਰ੍ਹਾਂ 16 ਨਵੰਬਰ ਨੂੰ ਉਸ ਨੂੰ ਮੁੜ 20 ਗ੍ਰਾਮ ਚਿੱਟੇ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਉਸ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਸਨ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਅੱਜ ਸਮਰੱਥ ਅਥਾਰਟੀ ਦਿੱਲੀ ਦੇ ਹੁਕਮਾਂ ਰਾਹੀਂ ਮੁਲਜ਼ਮ ਭਾਗੀਰਥ ਦਾ ਇੱਥੋਂ ਦੇ ਸੈਕਟਰ-66 ਵਿਚਲਾ ਆਲੀਸ਼ਾਨ ਘਰ ਸੀਲ ਕੀਤਾ ਗਿਆ। ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਇਨੋਵਾ ਕਾਰ ਵੀ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਡਰੱਗ ਮਨੀ ਨਾਲ ਆਪਣੇ ਪਿਤਾ ਦੇ ਨਾਂ ’ਤੇ ਮਕਾਨ ਖ਼ਰੀਦਿਆ ਸੀ ਜਦੋਂਕਿ ਇਨੋਵਾ ਕਾਰ ਉਸ ਦੀ ਮਾਂ ਦੇ ਨਾਂ ’ਤੇ ਰਜਿਸਟਰਡ ਹੈ। ਇਸ ਤੋਂ ਪਹਿਲਾਂ ਮੁਹਾਲੀ ਪੁਲੀਸ ਵੱਲੋਂ ਨਸ਼ਾ ਤਸਕਰ ਹਰਦੀਪ ਧੀਮਾਨ ਦੀ ਕੋਈ ਸੀਲ ਕੀਤੀ ਗਈ ਸੀ। ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨਸ਼ਿਆਂ ਦੇ ਖ਼ਾਤਮੇ ਲਈ ਯਤਨਸ਼ੀਲ ਹੈ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ।