ਮੁਹਾਲੀ ਦੇ ਕੌਮਾਂਤਰੀ ਤੇ ਬਠਿੰਡਾ ਦੇ ਘਰੇਲੂ ਹਵਾਈ ਅੱਡੇ ਤੋਂ ਵੀ ਸਾਰੀਆਂ ਉਡਾਣਾਂ ਰੱਦ
ਐੱਸਏਐੱਸ ਨਗਰ (ਮੁਹਾਲੀ)/ਬਠਿੰਡਾ (ਦਰਸ਼ਨ ਸਿੰਘ ਸੋਢੀ/ਮਨੋਜ ਸ਼ਰਮਾ): ਅਪਰੇਸ਼ਨ ਸਿੰਧੂਰ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅੱਜ ਮੁਹਾਲੀ ਦਾ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਅਤੇ ਬਠਿੰਡਾ ਦਾ ਘਰੇਲੂ ਹਵਾਈ ਅੱਡਾ ਵੀ ਬੰਦ ਰਿਹਾ। ਮੁਹਾਲੀ ਹਵਾਈ ਅੱਡੇ ਤੋਂ ਬਾਹਰਲੇ ਮੁਲਕਾਂ ਨੂੰ ਜਾਣ ਅਤੇ ਮੁਹਾਲੀ ਤੋਂ ਚੰਡੀਗੜ੍ਹ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਸ ਕਾਰਵਾਈ ਕਾਰਨ ਅੱਜ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਹੀ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅੱਜ ਵੱਡੀ ਗਿਣਤੀ ’ਚ ਯਾਤਰੀ ਪਹਿਲਾਂ ਤੋਂ ਨਿਰਧਾਰਿਤ ਸ਼ਡਿਊਲ ਮੁਤਾਬਕ ਦੁਬਈ, ਬੰਗਲੂਰੂ, ਮੁੰਬਈ ਅਤੇ ਹੋਰਨਾਂ ਸ਼ਹਿਰਾਂ ਵਿੱਚ ਜਾਣ ਲਈ ਮੁਹਾਲੀ ਹਵਾਈ ਅੱਡੇ ’ਤੇ ਪਹੁੰਚੇ ਸਨ ਪਰ ਉਡਾਣਾਂ ਰੱਦ ਹੋਣ ਕਾਰਨ ਸਾਰਿਆਂ ਨੂੰ ਵਾਪਸ ਪਰਤਣਾ ਪਿਆ। ਇਸੇ ਤਰ੍ਹਾਂ ਬਠਿੰਡਾ ਹਵਾਈ ਅੱਡੇ ਤੋਂ ਵੀ ਕਿਸੇ ਵੀ ਨਿੱਜੀ ਏਅਰਲਾਈਨ ਨੇ ਉਡਾਣ ਨਹੀਂ ਭਰੀ। ਫਲਾਈ ਬਿੱਗ ਏਅਰਲਾਈਨ ਦੇ ਮੈਨੇਜਰ ਮਦਨ ਮੋਹਨ ਨੇ ਦੱਸਿਆ ਕਿ ਦਿੱਲੀ ਲਈ 9 ਮਈ ਤੱਕ ਕੋਈ ਉਡਾਣ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਉਡਾਣਾਂ ਮੁੜ ਸ਼ੁਰੂ ਹੋਣ ਬਾਰੇ ਆਉਣ ਵਾਲੇ ਦਿਨਾਂ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ।