ਮੁਹਾਲੀ ’ਚੋਂ ਦਸਮੇਸ਼ ਨਹਿਰ ਨਹੀਂ ਕੱਢਣ ਦਿੱਤੀ ਜਾਵੇਗੀ: ਲੱਖੋਵਾਲ
ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 12 ਦਸੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ ਦੀ ਅਗਵਾਈ ਹੇਠ ਅੱਜ ਕਿਸਾਨ ਮੋਰਚੇ ਅਤੇ ਲੰਮੀ ਦੌਰਾਨ ਸ਼ਹੀਦ ਹੋਏ ਕਿਸਾਨ ਆਗੂਆਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫਤਹਿਏਜੰਗ ਚੱਪੜਚਿੜੀ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤ ਨੂੰ ਹਰਜੱਸ ਸੁਣਾ ਕੇ ਨਿਹਾਲ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਨੇ ਦੱਸਿਆ ਕਿ ਇਸ ਮੌਕੇ ਮਰਹੂਮ ਮਾ. ਸ਼ਮਸ਼ੇਰ ਸਿੰਘ ਘੜੂੰਆਂ, ਸੇਵਾ ਸਿੰਘ ਸਿੱਲ, ਬਹਾਦਰ ਸਿੰਘ ਸਿੱਲ ਅਤੇ ਬਲਵਿੰਦਰ ਸਿੰਘ ਰਸਨਹੇੜੀ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਵੀ ਪਹੁੰਚੇ ਅਤੇ ਕਿਸਾਨੀ ਮਸਲਿਆਂ ’ਤੇ ਚਰਚਾ ਕਰਦਿਆਂ ਸਮੇਂ ਦੀਆਂ ਸਰਕਾਰਾਂ ਨੂੰ ਰੱਜ ਕੇ ਕੋਸਿਆ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਦਸਮੇਸ਼ ਨਹਿਰ ਸਬੰਧੀ ਗੱਲ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਜਿਹੜੇ ਪਿੰਡ ਆਪਣੀ ਹੱਦ ’ਚੋਂ ਦਸਮੇਸ਼ ਨਹਿਰ ਨਹੀਂ ਕੱਢਣ ਦੇਣਾ ਚਾਹੁੰਦੇ, ਪਿੰਡਾਂ ਦੀਆਂ ਗਰਾਮ ਪੰਚਾਇਤਾਂ ਮਤੇ ਪਾਸ ਕਰਕੇ ਜਥੇਬੰਦੀ ਨੂੰ ਭੇਜਣ ਤਾਂ ਜੋ ਇਨਸਾਫ਼ ਲਈ ਸੰਘਰਸ਼ ਵਿੱਢਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਮੁਹਾਲੀ ਜ਼ਿਲ੍ਹੇ ’ਚੋਂ ਦਸਮੇਸ਼ ਨਹਿਰ ਨਹੀਂ ਲੰਘਣ ਦਿੱਤੀ ਜਾਵੇਗੀ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਨਛੱਤਰ ਸਿੰਘ ਬੈਦਵਾਨ, ਸਰਬਜੀਤ ਸਿੰਘ ਲਹਿਰਾ, ਗੁਰਮੀਤ ਸਿੰਘ ਖੂਨੀਮਾਜਰਾ, ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਹਾਜ਼ਰ ਸਨ।
ਾਲਤ ’ਤੇ ਚਿੰਤਾ ਪ੍ਰਗਟਾਈ
ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸ੍ਰੀ ਡੱਲੇਵਾਲ ਪਿਛਲੇ 16 ਦਿਨਾਂ ਤੋਂ ਭੁੱਖ-ਹੜਤਾਲ ’ਤੇ ਬੈਠੇ ਹਨ ਪ੍ਰੰਤੂ ਸਰਕਾਰਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇਕਰ ਸੰਘਰਸ਼ ਦੌਰਾਨ ਕਿਸਾਨ ਆਗੂ ਨਾਲ ਕੋਈ ਅਣਹੋਣੀ ਵਾਪਰੀ ਤਾਂ ਦੇਸ਼ ਦੇ ਹੁਕਮਰਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦਾ ਵੱਡਾ ਕਾਫ਼ਲਾ ਖਨੌਰੀ ਮੋਰਚੇ ਵਿੱਚ ਸ਼ਮੂਲੀਅਤ ਕਰੇਗਾ।