ਮੁਸਲਮਾਨਾਂ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ
ਪੱਤਰ ਪ੍ਰੇਰਕ
ਯਮੁਨਾ ਨਗਰ, 28 ਅਪਰੈਲ
‘ਮੁਸਲਿਮ ਵੈਲਫੇਅਰ ਸੁਸਾਇਟੀ ਸਢੌਰਾ’ ਦੀ ਅਗਵਾਈ ਹੇਠ ਮਸਜਿਦ ਪ੍ਰੇਮ ਨਗਰ ਦੇ ਅਹਾਤੇ ਵਿੱਚ ਸਢੌਰਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਬੈਠਕ ਹੋਈ। ਮੀਟਿੰਗ ਦਾ ਏਜੰਡਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕਰਨਾ ਸੀ। ਮੀਟਿੰਗ ਵਿੱਚ ਮੌਜੂਦ ਸਾਰੇ ਲੋਕਾਂ ਨੇ ਇੱਕ-ਇੱਕ ਕਰਕੇ, ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤੇ ਗਏ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਇਸ ਲਈ ਗੁਆਂਢੀ ਦੇਸ਼ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਗਿਆ। ਸਾਰੇ ਲੋਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਸ਼ਮੀਰ ਸਮੱਸਿਆ ਦਾ ਸਥਾਈ ਹੱਲ ਲੱਭਿਆ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅੰਤ ਵਿੱਚ ਜਾਮਾ ਮਸਜਿਦ ਦੇ ਇਮਾਮ ਹਾਫਿਜ਼ ਜੀ ਆਰਿਫ਼ ਨੇ ਸ਼ਹੀਦਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਸਦਮੇ ਨੂੰ ਸਹਿਣ ਦੀ ਤਾਕਤ ਦੇਣ ਲਈ ਪ੍ਰਾਥਨਾ ਕੀਤੀ। ਉਨ੍ਹਾਂ ਨਾਲ ਹੀ ਦੇਸ਼ ਵਿੱਚ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰਖਣ ਦੀ ਅਪੀਲ ਕੀਤੀ । ਇਸ ਦੌਰਾਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਕਿ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਸੋਗ ਸਭਾ ਦੀ ਪ੍ਰਧਾਨਗੀ ਦਿਲਾਵਰ ਹੁਸੈਨ ਨੇ ਕੀਤੀ ਅਤੇ ਸਕੱਤਰ ਅਖਤਰ ਅਲੀ, ਸੇਵਾਮੁਕਤ ਬੀਈਓ, ਜਨਾਬ ਖੁਰਸ਼ੀਦ ਅਲੀ, ਭਾਈ ਸ਼ੌਕਤ ਅਲੀ, ਡਾ. ਸਲੀਮ ਜੋਹੀਆ ਨੇ ਕੀਤੀ ਜਦਕਿ ਮੰਚ ਸੰਚਾਲਨ ਨਸੀਮ ਜਾਵੇਦ ਨੇ ਕੀਤਾ। ਇਸ ਮੌਕੇ ਭਾਈ ਇਮਰਾਨ ਅਲੀ, ਭਾਈ ਸੋਨੀ, ਸਲੀਮ ਖਾਨ, ਭਾਈ ਮਹਿਬੂਬ, ਅਲੀਮ, ਮੋਮਿਨ, ਅਨਵਰ, ਸੱਦਾਮ, ਅਰਮਾਨ, ਨਸੀਮ ਅਹਿਮਦ, ਇਨਾਇਤ ਅਲੀ ਮੌਜੂਦ ਸਨ ।