ਮੁਸਲਮਾਨ ਵਿਸ਼ੇਸ਼ ਰਿਆਇਤਾਂ ਦੀ ਉਮੀਦ ਨਾ ਕਰਨ: ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਮੁਸਲਮਾਨਾਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਵਿਕਾਸ ਵਿੱਚ ਬਣਦਾ ਹਿੱਸਾ ਜ਼ਰੂਰ ਮਿਲੇਗਾ, ਪਰ ਉਹ ਸਿਰਫ਼ ਇਸ ਲਈ ਵਿਸ਼ੇਸ਼ ਰਿਆਇਤਾਂ ਦੀ ਉਮੀਦ ਨਾ ਕਰਨ ਕਿਉਂਕਿ ਉਹ ਘੱਟ ਗਿਣਤੀ ਹਨ। ਉਨ੍ਹਾਂ ਕਿਹਾ, ‘ਤੁਸੀਂ ਸੜਕਾਂ ’ਤੇ ਨਮਾਜ਼ ਅਦਾ, ਜਾਂ ਕੋਈ ਗੈਰ-ਕਾਨੂੰਨੀ ਗਤੀਵਿਧੀ ਨਹੀਂ ਕਰ ਸਕਦੇ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ‘ਬੁਲਡੋਜ਼ਰ ਨਿਆਂ’ ਦਾ ਸਾਹਮਣਾ ਕਰਨ ਲਈ ਤਿਆਰ ਰਹੋ।
ਖ਼ਬਰ ਏਜੰਸੀ ‘ਪੀਟੀਆਈ’ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵਕਫ਼ (ਸੋਧ) ਬਿੱਲ ਦੇ ਆਲੋਚਕਾਂ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਸਵਾਰਥੀ ਹਿੱਤਾਂ ਦੇ ਨਾਲ-ਨਾਲ ‘ਲੁੱਟ ਖਸੁੱਟ’ ਦਾ ਅੱਡਾ ਬਣ ਗਿਆ ਹੈ ਅਤੇ ਇਸ ਨੇ ਮੁਸਲਮਾਨਾਂ ਦੀ ਭਲਾਈ ਲਈ ਬਹੁਤ ਘੱਟ ਕੰਮ ਕੀਤਾ ਹੈ।
ਸੰਭਾਵੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਲਈ ਵਧ ਰਹੇ ਸਮਰਥਨ ਬਾਰੇ ਪੁੱਛੇ ਜਾਣ ’ਤੇ ਯੋਗੀ ਨੇ ਕਿਹਾ, ‘ਸਿਆਸਤ ਮੇਰੇ ਲਈ ਪੂਰੇ ਸਮੇਂ ਦੀ ਨੌਕਰੀ ਨਹੀਂ ਹੈ। ਅਸਲ ਵਿੱਚ ਮੈਂ ਯੋਗੀ ਹੀ ਹਾਂ।’ ਕਾਂਗਰਸ ਦੇ ਭਵਿੱਖ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਆਪਣੀਆਂ ਕਦਰਾਂ-ਕੀਮਤਾਂ ਤੋਂ ਭਟਕ ਗਈ ਹੈ ਅਤੇ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਉਨ੍ਹਾਂ ਆਰਐੱਸਐੱਸ (ਜਿਸ ਦੇ ਉਹ ਕਦੇ ਮੈਂਬਰ ਨਹੀਂ ਰਹੇ) ਨਾਲ ਆਪਣੇ ਸਬੰਧਾਂ ਬਾਰੇ ਵੀ ਜ਼ਿਕਰ ਕੀਤਾ। ਆਰਐੱਸਐੱਸ ਵੱਲੋਂ ਉਨ੍ਹਾਂ ਨੂੰ ਸਮਰਥਨ ਦਿੱਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੋ ਭਾਰਤ ਪ੍ਰਤੀ ਵਫ਼ਾਦਾਰ ਹੋਵੇਗਾ, ਆਰਐੱਸਐੱਸ ਉਸ ਨੂੰ ਪਸੰਦ ਕਰੇਗਾ।’ -ਪੀਟੀਆਈ
ਯੋਗੀ ਨੇ ਭਾਜਪਾ ਦੇ ਕੇਂਦਰੀ ਆਗੂਆਂ ਵਿਚਾਲੇ ਮਤਭੇਦ ਦੇ ਦਾਅਵੇ ਕੀਤੇ ਖਾਰਜ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਵਿਚਾਲੇ ਮਤਭੇਦ ਦੇ ਦਾਅਵੇ ਖਾਰਜ ਕਰਦਿਆਂ ਕਿਹਾ ਕਿ ਉਹ ਪਾਰਟੀ ਕਰਕੇ ਹੀ ਮੁੱਖ ਮੰਤਰੀ ਦੀ ਕੁਰਸੀ ’ਤੇ ਹਨ। ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਕਿ ਸਰਕਾਰ ਨੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਲੁਕਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਪਾਰਟੀਆਂ ਦੇ ਰਾਜ ਦੌਰਾਨ ਕੁੰਭ ਮੇਲਾ ਹੁੰਦਾ ਸੀ ਤਾਂ ਸੈਂਕੜੇ ਲੋਕ ਮਾਰੇ ਜਾਂਦੇ ਸਨ, ਇਸ ਲਈ ਉਹ ਇਸ ਵਾਰ ਵੀ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਗੱਲ ਕਰ ਰਹੇ ਹਨ।