ਮੁਲਾਣਾ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਅੰਬਾਲਾ: ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੀ ਟੀਮ ਨੇ ਬਰਾੜਾ ਸ਼ਹਿਰੀ ਇਲਾਕੇ ਵਿੱਚ ਪੈਂਦੇ ਪਿੰਡ ਮੁਲਾਣਾ ’ਚ ਗ਼ੈਰਕਾਨੂੰਨੀ ਢੰਗ ਨਾਲ ਬਣ ਰਹੀ ਕਾਲੋਨੀ ’ਤੇ ਕਾਰਵਾਈ ਕਰਦਿਆਂ ਲਗਪਗ 0.4 ਏਕੜ ਰਕਬੇ ’ਚ ਕੀਤੀਆਂ ਉਸਾਰੀਆਂ ਨੂੰ ਢਾਹ ਦਿੱਤਾ। ਇਸ ਕਾਰਵਾਈ ਦੌਰਾਨ ਕੱਚੇ ਰਸਤਿਆਂ ਦੇ ਨਾਲ-ਨਾਲ ਤਿਆਰ ਕੀਤੀਆਂ ਜਾ ਰਹੀਆਂ ਲਗਪਗ 20 ਦੁਕਾਨਾਂ ਦੀਆਂ ਨੀਹਾਂ ਨੂੰ ਵੀ ਢਾਹ ਦਿੱਤਾ ਗਿਆ। ਕਾਰਵਾਈ ਸਮੇਂ ਡਿਊਟੀ ਮੈਜਿਸਟਰੇਟ ਰੋਹਿਤ ਚੌਹਾਨ, ਕਾਰਜਕਾਰੀ ਇੰਜਨੀਅਰ ਅਭਿਸ਼ੇਕ ਅਤੇ ਪੁਲੀਸ ਦੀ ਟੀਮ ਮੌਜੂਦ ਸੀ। -ਪੱਤਰ ਪ੍ਰੇਰਕ
ਓਵਰਲੋਡ ਗੱਡੀਆਂ ਤੇ ਟਿੱਪਰਾਂ ’ਤੇ ਪਾਬੰਦੀ
ਰੂਪਨਗਰ: ਵਧੀਕ ਜ਼ਿਲ੍ਹਾ ਮੈਜੀਸਟ੍ਰੇਟ ਪੂਜਾ ਸਿਆਲ ਗਰੇਵਾਲ ਨੇ ਕਲਵਾਂ-ਨੂਰਪੁਰਬੇਦੀ-ਰੂਪਨਗਰ ਰੋਡ ’ਤੇ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੀ ਖਣਨ ਲਈ ਓਵਰਲੋਡ ਟਿੱਪਰਾਂ ਦੀ ਆਵਾਜਾਈ ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਹੋ ਰਹੀ ਹੈ। ਇਸ ਮਾਰਗ ’ਤੇ ਕਈ ਪਿੰਡ ਹੋਣ ਕਾਰਨ ਆਮ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਟਿੱਪਰਾਂ ਦੀ ਆਵਾਜਾਈ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਮਾਰਗ ’ਤੇ ਟਿੱਪਰਾਂ ਦੀ ਜ਼ਿਆਦਾ ਆਵਾਜਾਈ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਲੋਕਾਂ ਦੀ ਮੰਗ ਤਹਿਤ ਓਵਰਲਡ ਟਿੱਪਰਾਂ ਉੱਤੇ ਸਖ਼ਤੀ ਕੀਤੀ ਜਾ ਰਹੀ ਹੈ। ਇਨ੍ਹਾਂ ਟਿੱਪਰਾਂ ਦੀ ਆਵਾਜਾਈ ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਬੰਦ ਕਰਵਾ ਕੇ ਪਚਰੰਡਾ ਮੋੜ ਤੋਂ ਸ੍ਰੀ ਆਨੰਦਪੁਰ ਸਾਹਿਬ ਰਾਹੀਂ ਯਕੀਨੀ ਬਣਾਈ ਜਾਵੇ। -ਪੱਤਰ ਪ੍ਰੇਰਕ