ਮੁਲਾਜ਼ਮ ਸੰਘਰਸ਼: ਨਿਗਮ ਦਫ਼ਤਰ ਅੱਗੇ ਮੁਲਾਜ਼ਮ ਵੱਲੋਂ ਆਤਮਦਾਹ ਦੀ ਕੋਸ਼ਿਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਈ
ਨਗਰ ਨਿਗਮ ਪਟਿਆਲਾ ਦੇ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਫ਼ਾਈ ਸੇਵਕ ਯੂਨੀਅਨ ਨਗਰ ਨਿਗਮ ਪਟਿਆਲਾ ਦੇ ਪ੍ਰਧਾਨ ਸੁਨੀਲ ਕੁਮਾਰ ਬਦਲਾਨ ਦੀ ਅਗਵਾਈ ਹੇਠਾਂ ਅੱਜ ਨਗਰ ਨਿਗਮ ਪਟਿਆਲਾ ਦੇ ਦਫ਼ਤਰ ਕੰਪਲੈਕਸ ਵਿੱਚ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਖੂਬ ਹੰਗਾਮਾ ਕੀਤਾ ਗਿਆ। ਇਸ ਮੌਕੇ ਇੱਕ ਪ੍ਰਦਰਸ਼ਨਕਾਰੀ ਨੇ ਆਤਮਦਾਹ ਲਈ ਆਪਣੇ ’ਤੇ ਪੈਟਰੋਲ ਵੀ ਛਿੜਕ ਲਿਆ ਜਿਸ ਨੂੰ ਉਸ ਦੇ ਸਾਥੀ ਮੁਲਾਜ਼ਮਾਂ ਨੇ ਅਜਿਹਾ ਕਦਮ ਚੁੱਕਣ ਤੋਂ ਰੋਕ ਲਿਆ। ਇਸ ਮਗਰੋਂ ਭਾਵੇਂ ਉਨ੍ਹਾਂ ਨੇ ਧਰਨਾ ਚੁੱਕ ਲਿਆ ਪਰ ਐਲਾਨ ਕੀਤਾ ਕਿ ਆਪਣੀਆਂ ਮੰਗਾਂ ਮਨਵਾਉਣ ਤੱਕ ਉਨ੍ਹਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਕੜੀ ਵਜੋਂ ਹੀ ਉਨ੍ਹਾਂ ਨੇ 21 ਮਈ ਨੂੰ ਇੱਕ ਸਾਬਕਾ ਮਹਿਲਾ ਕੌਂਸਲਰ ਅਤੇ ਸਾਬਕਾ ਠੇਕੇਦਾਰ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ। ਉਹ ਹਰ ਮਹੀਨੇ ਦੇ ਪਹਿਲੇ ਹਫ਼ਤੇ ਤਨਖਾਹਾਂ ਜਾਰੀ ਕਰਨੀਆਂ ਯਕੀਨੀ ਬਣਾਉਣ ਅਤੇ ਬਕਾਇਆ ਪੀਐੱਫ ਕਾਮਿਆਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਸਮੇਤ ਕੰਟਰੈਕਟ ਆਧਾਰ ’ਤੇ ਕਾਰਜਸ਼ੀਲ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜਿਥੇ ਉਹ ਚਿਰਾਂ ਤੋਂ ਕੰਟਰੈਕਟ ਆਧਾਰ ’ਤੇ ਕੰਮ ਕਰਦੇ ਆ ਰਹੇ ਹਨ, ਉਥੇ ਹੀ ਉਨ੍ਹਾਂ ਨੂੰ ਤਨਖਾਹਾਂ ਵੀ ਨਿਗੂਣੀਆਂ ਦਿੱਤੀਆਂ ਜਾਂਦੀਆਂ ਹਨ ਤੇ ਉਹ ਵੀ ਸਮੇਂ ਸਿਰ ਨਹੀਂ ਮਿਲਦੀਆਂ। ਇਨ੍ਹਾਂ ਜਥੇਬੰਦੀਆਂ ’ਚ ਸਫਾਈ ਸੇਵਕ ਯੂਨੀਅਨ, ਕਰਮਚਾਰੀ ਦਲ ਯੂਨੀਅਨ, ਡਰਾਈਵਰ ਯੂਨੀਅਨ, ਟੈਕਨੀਕਲ ਐਂਪਲਾਈਜ਼ ਯੂਨੀਅਨ ਏ ਟੈਂਕ ਤੇ ਟੈਕਨੀਕਲ ਕੰਟੈਰਕਟ ਸੀਵਰ ਮੈਨ ਯੂਨੀਅਨ ਆਦਿ ਸ਼ਾਮਲ ਹਨ। ਇਸ ਧਰਨੇ ਵਿੱਚ ਅੱਜ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਬਦਲਾਨ, ਚੇਅਰਮੈਨ ਪ੍ਰੇਮ ਲੱਤਾ, ਚੇਅਰਮੈਨ ਵਿਜੇ ਕਲਿਆਣ, ਕੇਵਲ ਕ੍ਰਿਸ਼ਨ ਸਮੇਤ ਪਰਵਿੰਦਰ ਗੋਲਡੀ, ਜਤਿੰਦਰ ਕੁਮਾਰ ਪ੍ਰਿੰਸ, ਸੰਮੀ ਸੋਦੇ, ਸੀਤਾ ਰਾਮ, ਅਨਿਲ ਕੁਮਾਰ, ਜਸਪ੍ਰੀਤ ਜੱਸੀ, ਮਨੋਜ ਕੁਮਾਰ, ਕਾਂਤਾ ਰਾਣੀ, ਰਾਧਾ ਰਾਣੀ, ਰਿੰਕੂ ਵੈਦ, ਬਾਬੂ ਰਾਮ, ਕਾਂਤਾ ਰਾਣੀ ਤੇ ਵਿੱਕੀ ਗਿੱਲ ਆਦਿ ਸ਼ਾਮਲ ਰਹੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਕਰਨਗੇ।