ਮੁਲਾਜ਼ਮਾਂ ਵੱਲੋਂ ਵਾਟਰ ਸਪਲਾਈ ਦਫ਼ਤਰ ਅੱਗੇ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਮਈ
ਟੈਕਨੀਕਲ ਐਂਡ ਮਕੈਨੀਕਲ ਐਂਪਲਾਈਜ਼ ਯੂਨੀਅਨ ਪੰਜਾਬ ਦੀ ਬਰਾਂਚ-2 ਸੰਗਰੂਰ ਦੀ ਵਰਕਿੰਗ ਕਮੇਟੀ ਵਲੋਂ ਦਰਸ਼ਨ ਸਿੰਘ ਝਨੇੜੀ ਦੀ ਪ੍ਰਧਾਨਗੀ ਹੇਠ ਇਥੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਵਿਚ ਵਿਭਾਗ ਦੇ ਮੁਲਾਜ਼ਮਾਂ ਵਲੋਂ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਹਰਜੀਤ ਸਿੰਘ ਬਾਲੀਆ, ਉਜਾਗਰ ਸਿੰਘ ਜੱਗਾ, ਗੁਰਚਰਨ ਸਿੰਘ ਅਕੋਈ ਸਾਹਿਬ, ਦਰਸ਼ਨ ਸਿੰਘ ਝਨੇੜੀ, ਰਾਮ ਸਿੰਘ ਰਣਕੋਟੀ ਆਦਿ ਨੇ ਦੋਸ਼ ਲਾਇਆ ਕਿ ਉਪ ਮੰਡਲ ਦਫਤਰ ਦੇ ਅਧਿਕਾਰੀ ਵਲੋਂ ਯੂਨੀਅਨ ਦੇ ਬਰਾਂਚ ਜਨਰਲ ਸਕੱਤਰ ਬੱਬਨਪਾਲ ਦੀ ਬਦਲੀ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਮੈਂਟੀਨੈਂਸ ਟੀਮ ਵਿਚੋਂ ਕਰ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੀਲਡ ਵਿਚ ਉਪ ਮੰਡਲਾਂ ਵਿੱਚ ਲੋੜੀਂਦੇ ਕਰਮਚਾਰੀ ਉਪਲਬਧ ਹੋਣ ਦੇ ਬਾਵਜੂਦ ਬ੍ਰਾਂਚ ਜਨਰਲ ਸਕੱਤਰ ਨੂੰ ਟਾਰਗੇਟ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪ ਮੰਡਲ ਅਫ਼ਸਰ ਵਲੋਂ ਬਰਾਂਚ ਜਨਰਲ ਸਕੱਤਰ ਦੀ ਬਦਲੀ ਦਾ ਮਾਮਲਾ ਯੂਨੀਅਨ ਦੀ ਸਮਝ ਮੁਤਾਬਕ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਧਰਨੇ ਨੂੰ ਯੂਨੀਅਨ ਆਗੂਆਂ ਸੁਖਚੈਨ ਸਿੰਘ ਸੁਨਾਮ, ਸਮਸ਼ੇਰ ਸਿੰਘ ਬਡਰੁੱਖਾਂ, ਬਲਵਿੰਦਰ ਸਿੰਘ ਕਪਿਆਲ, ਬੂਟਾ ਸਿੰਘ ਖੇੜੀ, ਬਲਵਿੰਦਰ ਬੱਬੂ, ਭੁੂਰਾ ਸਿੰਘ ਭੰਗੂ, ਦਰਸ਼ਨ ਸਿੰਘ ਜਨਾਲ, ਸੁਰਿੰਦਰ ਕਾਕੜਾ ਤੇ ਬਲਕਾਰ ਸਿੰਘ ਬਖਤੜਾ ਆਦਿ ਨੇ ਸੰਬੋਧਨ ਕੀਤਾ।